ਦਵਿੰਦਰ ਪਾਲ
ਚੰਡੀਗੜ੍ਹ, 19 ਮਾਰਚ
ਪੰਜਾਬ ਦੀ ‘ਆਪ’ ਸਰਕਾਰ ਨੇ ਸ਼ਰਾਬ ਦੇ ਠੇਕਿਆਂ ਦੀ ਮਿਆਦ ਤਿੰਨ ਮਹੀਨਿਆਂ ਲਈ ਵਧਾ ਦਿੱਤੀ ਹੈ ਅਤੇ ਹੁਣ ਸੂਬੇ ਵਿੱਚ ਠੇਕਿਆਂ ਦੀ ਨਿਲਾਮੀ ਜੂਨ ’ਚ ਕੀਤੀ ਜਾਵੇਗੀ। ਸੂਬੇ ਦੇ ਕਰ ਅਤੇ ਆਬਕਾਰੀ ਵਿਭਾਗ ਨੇ ਅਪਰੈਲ, ਮਈ ਅਤੇ ਜੂਨ ਦੇ ਤਿੰਨ ਮਹੀਨਿਆਂ ਲਈ ਸ਼ਰਾਬ ਦੇ ਠੇਕੇਦਾਰਾਂ ਨੂੰ 10 ਫੀਸਦੀ ਮਾਲੀਆ ਵਧਾਉਣ ਦੀ ਸ਼ਰਤ ’ਤੇ ਇਹ ਮਿਆਦ ਵਧਾਈ ਹੈ। ਇਸ ਸਮੇਂ ਦੌਰਾਨ ਸ਼ਰਾਬ ਦੇ ਕੋਟੇ ਵਿੱਚ ਵੀ ਇਸੇ ਅਨੁਪਾਤ ਨਾਲ ਵਾਧਾ ਕੀਤਾ ਜਾਵੇਗਾ। ਪੰਜਾਬ ਸਰਕਾਰ ਦੀ ਆਮਦਨ ਵਿੱਚ ਸੂਬੇ ਅੰਦਰ ਸ਼ਰਾਬ ਦੀ ਵਿਕਰੀ ਤੋਂ ਹੁੰਦੀ ਕਮਾਈ ਇੱਕ ਅਹਿਮ ਖੇਤਰ ਹੈ। ਇਸ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਇਸ ਮਾਮਲੇ ਵਿੱਚ ਆਮਦਨ ਵਧਾਉਣ ’ਤੇ ਵਿਚਾਰ ਕੀਤਾ ਜਾ ਰਿਹਾ ਹੈ। ਚਲੰਤ ਮਾਲੀ ਸਾਲ ਦੌਰਾਨ ਕਾਂਗਰਸ ਸਰਕਾਰ ਵੱਲੋਂ ਸ਼ਰਾਬ ਤੋਂ ਮਾਲੀਆ ਕਮਾਉਣ ਦਾ ਟੀਚਾ 7 ਹਜ਼ਾਰ ਕਰੋੜ ਰੁਪਏ ਦੇ ਕਰੀਬ ਰੱਖਿਆ ਗਿਆ ਸੀ ਅਤੇ ‘ਆਪ’ ਸਰਕਾਰ ਇਸ ਟੀਚੇ ਨੂੰ ਵਧਾ ਕੇ 8 ਹਜ਼ਾਰ ਕਰੋੜ ਰੁਪਏ ਸਾਲਾਨਾ ਤੱਕ ਪਹੁੰਚਾਉਣ ’ਤੇ ਵਿਚਾਰ ਕਰ ਰਹੀ ਹੈ ਤਾਂ ਜੋ ਚੋਣਾਂ ਤੋਂ ਪਹਿਲਾਂ ਲੋਕਾਂ ਨਾਲ ਕੀਤੇ ਗਏ ਵਾਅਦੇ ਪੂਰੇ ਕੀਤੇ ਜਾ ਸਕਣ। ਪੰਜਾਬ ਵਿੱਚ ਸ਼ਰਾਬ ਤੋਂ ਹੁੰਦੀ ਕਮਾਈ ਅਕਸਰ ਚਰਚਾ ਦਾ ਵਿਸ਼ਾ ਰਹੀ ਹੈ ਅਤੇ ਪਹਿਲਾਂ ਸੂਬੇ ਵਿੱਚ ਸਿਆਸੀ ਸਰਪ੍ਰਸਤੀ ਹੇਠ ਗੁਆਂਢੀ ਸੂਬਿਆਂ ਤੋਂ ਸ਼ਰਾਬ ਦੀ ਤਸਕਰੀ ਹੋਣ ਦੀਆਂ ਰਿਪੋਰਟਾਂ ਵੀ ਆਉਂਦੀਆਂ ਰਹੀਆਂ ਹਨ। ਪਟਿਆਲਾ ਸਮੇਤ ਕਈ ਜ਼ਿਲ੍ਹਿਆਂ ਵਿੱਚ ਸ਼ਰਾਬ ਬਣਾਉਣ ਦੀਆਂ ਨਕਲੀ ਫੈਕਟਰੀਆਂ ਫੜੀਆਂ ਗਈਆਂ ਸਨ। ਇਸ ਦੇ ਨਾਲ ਨਕਲੀ ਸ਼ਰਾਬ ਪੀਣ ਕਾਰਨ ਮਾਝਾ ਖਿੱਤੇ ਵਿੱਚ ਸਵਾ ਸੌ ਤੋਂ ਵੱਧ ਵਿਅਕਤੀ ਮੌਤ ਦੇ ਮੂੰਹ ’ਚ ਵੀ ਜਾ ਪਏ ਸਨ। ਕਾਂਗਰਸ ਦੇ ਪੰਜ ਸਾਲਾ ਸਾਸ਼ਨ ਦੌਰਾਨ ਸ਼ਰਾਬ ਤੋਂ ਹੁੰਦੀ ਕਮਾਈ ਮਾਫੀਆ ਦੀਆਂ ਜੇਬਾਂ ’ਚ ਜਾਣ ਦੀ ਚਰਚਾ ਵੀ ਭਾਰੂ ਰਹੀ ਹੈ।
ਸੂਬੇ ’ਚ ‘ਆਪ’ ਸਰਕਾਰ ਵੱਲੋਂ ਨਵੀਂ ਸ਼ਰਾਬ ਨੀਤੀ ਬਣਾਉਣ ’ਤੇ ਵੀ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਕਰ ਤੇ ਆਬਕਾਰੀ ਵਿਭਾਗ ਨੇ ਕਿਹਾ ਕਿ ਸਰਕਾਰ ਦਾ ਗਠਨ 16 ਮਾਰਚ ਨੂੰ ਹੋਇਆ ਹੈ। ਇਸ ਲਈ ਨਵੀਂ ਨੀਤੀ ਬਣਾਉਣ ਲਈ ਢੁੱਕਵਾਂ ਸਮਾਂ ਨਾ ਹੋਣ ਕਰਕੇ ਠੇਕਿਆਂ ਦੀ ਮਿਆਦ ਵਧਾਈ ਗਈ ਹੈ। ਪੰਜਾਬ ਵਿੱਚ ਚਲੰਤ ਮਾਲੀ ਸਾਲ ਦੌਰਾਨ ਸ਼ਰਾਬ ਦੇ ਠੇਕਿਆਂ ਦੀ ਗਿਣਤੀ 6 ਹਜ਼ਾਰ ਦੇ ਕਰੀਬ ਦੱਸੀ ਜਾਂਦੀ ਹੈ ਅਤੇ ਸ਼ਰਾਬ ਦਾ ਕੋਟਾ 693 ਲੱਖ ਪਰੂਫ ਲਿਟਰ (ਦੇਸੀ ਸ਼ਰਾਬ), 277 ਲੱਖ (ਅੰਗਰੇਜ਼ੀ ਸ਼ਰਾਬ) ਅਤੇ 302 ਲੱਖ ਪਰੂਫ ਲਿਟਰ ਬੀਅਰ ਹੈ। ਆਉਣ ਵਾਲੇ ਮਾਲੀ ਸਾਲ ਦੌਰਾਨ ਸ਼ਰਾਬ ਦਾ ਕੋਟਾ ਅਤੇ ਭਾਅ ਵਧਣ ਦੇ ਆਸਾਰ ਹਨ। ਸੂਬੇ ਵਿੱਚ ਸ਼ਰਾਬ ਦਾ ਧੰਦਾ ਆਮ ਤੌਰ ’ਤੇ ਸਿਆਸਤਦਾਨਾਂ ਦੇ ਹੱਥ ਰਿਹਾ ਹੈ। ਸਰਕਾਰ ਭਾਵੇਂ ਅਕਾਲੀਆਂ ਦੀ ਹੋਵੇ ਤੇ ਭਾਵੇਂ ਕਾਂਗਰਸੀਆਂ ਦੀ ਹੋਵੇ ਠੇਕਿਆਂ ’ਤੇ ਦਬਦਬਾ ਵਿਧਾਇਕਾਂ ਦਾ ਦੇਖਣ ਨੂੰ ਮਿਲਦਾ ਹੈ। ਸੂਬੇ ਵਿੱਚ ਸ਼ਰਾਬ ਤੋਂ ਮਾਲੀਆ ਨਾ ਵਧਣ ਦਾ ਇੱਕ ਕਾਰਨ ਇਸ ਧੰਦੇ ਵਿੱਚ ਸਿਆਸੀ ਦਬਦਬਾ ਹੋਣਾ ਵੀ ਮੰਨਿਆ ਜਾਂਦਾ ਹੈ। ਕਾਂਗਰਸ ਸਰਕਾਰ ਦੇ ਸਮੇਂ ਸ਼ਰਾਬ ਤੋਂ ਮਾਲੀਆ ਮਹਿਜ਼ 1 ਹਜਾਰ ਕਰੋੜ ਰੁਪਏ ਕੇ ਕਰੀਬ ਹੀ ਵਧਿਆ ਸੀ। ਸ਼ਰਾਬ ਦੇ ਕੰਮ ਨੂੰ ਸਰਕਾਰੀ ਕੰਟਰੋਲ ਹੇਠ ਲਿਆਉਣ ਲਈ ਕਈ ਆਗੂਆਂ ਖਾਸ ਕਰਕੇ ਆਮ ਆਦਮੀ ਪਾਰਟੀ ਦੇ ਆਗੂਆਂ ਅਤੇ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਜ਼ੋਰ ਦਿੱਤਾ ਜਾਂਦਾ ਰਿਹਾ ਹੈ। ‘ਆਪ’ ਸਰਕਾਰ ਵੱਲੋਂ ਥੋਕ ਜਾਂ ਪ੍ਰਚੂਨ ਨੂੰ ਸਰਕਾਰੀ ਕੰਟਰੋਲ ਹੇਠ ਲਿਆਉਣ ’ਤੇ ਵੀ ਵਿਚਾਰ ਕੀਤਾ ਜਾ ਰਿਹਾ ਹੈ। ਇਸ ਸਬੰਧੀ ਸ਼ਰਾਬ ਬਣਾਉਣ ਵਾਲੀਆਂ ਕੰਪਨੀਆਂ ਦੀ ਸਲਾਹ ਲਈ ਜਾ ਰਹੀ ਹੈ ਅਤੇ ਹੋਰ ਸੂਬਿਆਂ ਦੇ ਮਾਡਲ ਦਾ ਅਧਿਐਨ ਕੀਤਾ ਜਾ ਰਿਹਾ ਹੈ। ਤਾਮਿਲਨਾਡੂ ਵਿੱਚ ਸ਼ਰਾਬ ਦੀ ਵਿਕਰੀ ਪੂਰੀ ਤਰ੍ਹਾਂ ਸਰਕਾਰ ਦੇ ਕੰਟਰੋਲ ਅਧੀਨ ਹੈ ਜਦੋਂ ਕਿ ਦਿੱਲੀ ਵਿੱਚ ਇਸ ਵਾਰੀ ਇਹ ਕੰਮ ਪ੍ਰਾਈਵੇਟ ਹੱਥਾਂ ਵਿੱਚ ਦੇ ਦਿੱਤਾ ਗਿਆ ਹੈ।