ਰਾਮ ਸਰਨ ਸੂਦ
ਅਮਲੋਹ, 6 ਸਤੰਬਰ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੌਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਅਕਾਲ ਤਖ਼ਤ ਸਾਹਿਬ ’ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਚੁਣੌਤੀ ਦੇਣ ਵਾਲੇ ਪੰਥ ਦੇ ਦੋਖੀ ਕਦੇ ਵੀ ਆਪਣੇ ਮਕਸਦ ਵਿੱਚ ਕਾਮਯਾਬ ਨਹੀਂ ਹੋਣਗੇ ਕਿਉਂਕਿ ਦੇਸ਼ ਵਿਦੇਸ਼ ਵਿੱਚ ਬੈਠੀਆਂ ਸੰਗਤਾਂ ਇਨ੍ਹਾਂ ਦੀ ਸੋਚ ਤੋਂ ਜਾਣੂ ਹੋ ਚੁੱਕੀਆਂ ਹਨ। ਉਹ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨਾਲ ਅੱਜ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਰਵਿੰਦਰ ਸਿੰਘ ਖਾਲਸਾ ਦੇ ਪਿਤਾ ਬਲਦੇਵ ਸਿੰਘ ਦੀ ਹੋਈ ਮੌਤ ’ਤੇ ਪਰਿਵਾਰ ਨਾਲ ਪਿੰਡ ਖਨਿਆਣ ਵਿਚ ਦੁੱਖ ਪ੍ਰਗਟ ਕਰਨ ਪੁੱਜੇ ਸਨ। ਭਾਈ ਲੌਂਗੋਵਾਲ ਨੇ ਕਿਹਾ ਕਿ ਕੁਝ ਪਾਰਟੀਆਂ ਦੇ ਆਗੂ ਤੇ ਸੰਸਥਾਵਾਂ ਧਾਰਮਿਕ ਮਾਮਲਿਆਂ ਵਿੱਚ ਸਿੱਧੀ ਦਖਲਅੰਦਾਜ਼ੀ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ’ਤੇ ਕਾਬਜ਼ ਹੋਣਾ ਚਾਹੁੰਦੇ ਹਨ ਜਿਸ ਲਈ ਉਹ ਝੂਠਾ ਪ੍ਰਚਾਰ ਕਰ ਰਹੇ ਹਨ। ਕੁਝ ਸ਼ਰਾਰਤੀ ਅਨਸਰ ਸਿੱਖ ਕੌਮ ਦੀ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਢਾਹ ਲਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕਰੋਨਾ ਦੇ ਦੌਰ ਵਿਚ ਸ਼੍ਰੋਮਣੀ ਕਮੇਟੀ ਵਲੋਂ ਲੋੜਵੰਦਾਂ ਲਈ ਲੰਗਰ ਲਾਏ ਗਏ ਤੇ ਲੰਗਰ ਬਾਹਰ ਵੀ ਭੇਜੇ ਗਏ। ਉਨ੍ਹਾਂ ਗੁਰਪ੍ਰੀਤ ਸਿੰਘ ਰਾਜੂ ਖੰਨਾ ਵਲੋਂ ਹਲਕਾ ਅਮਲੋਹ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਦੇ ਲੰਗਰਾਂ ਲਈ ਵੱਡੇ ਪੱਧਰ ’ਤੇ ਰਸਦ ਭੇਜਣ ਦੀ ਸ਼ਲਾਘਾ ਕੀਤੀ। ਉਨ੍ਹਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਕਰੋਨਾ ਸੰਕਟ ਦੀ ਘੜੀ ਵਿੱਚ ਆਪਣਾ ਦਸਵੰਧ ਕੱਢ ਕੇ ਗੁਰੂ ਘਰਾਂ ਵਿੱਚ ਜ਼ਰੂਰ ਪਹੁੰਚਾਉਣ ਤਾਂ ਜੋ ਲੰਗਰਾਂ ਦੀ ਸੇਵਾ ਨਿਰੰਤਰ ਚੱਲਦੀ ਰਹੇ।