ਚਰਨਜੀਤ ਭੁੱਲਰ
ਚੰਡੀਗੜ੍ਹ, 6 ਅਕਤੂਬਰ
ਖੇਤੀ ਕਾਨੂੰਨਾਂ ਖ਼ਿਲਾਫ਼ ਰੌਲਾ ਪਾਉਣ ਵਾਲੇ ਸੰਸਦ ਮੈਂਬਰ ਪਾਰਲੀਮੈਂਟ ਵਿਚ ਖੇਤੀ ਬਾਰੇ ਸੁਆਲ ਪੁੱਛਣ ਤੋਂ ਟਲਦੇ ਹਨ। ਪੰਜਾਬ ਦੇ ਸੰਸਦ ਮੈਂਬਰਾਂ ਵੱਲੋਂ ਪੁੱਛੇ ਲਿਖਤੀ ਸੁਆਲਾਂ ਦੀ ਜਦੋਂ ਫਰੋਲਾ-ਫਰਾਲੀ ਕੀਤੀ ਤਾਂ ਵੱਡਾ ਪੱਖ ਸਾਹਮਣੇ ਆਇਆ ਕਿ ਸੰਸਦ ਮੈਂਬਰ ਖੇਤੀ ਮੰਤਰਾਲੇ ਤੋਂ ਲਿਖਤੀ ਸੁਆਲ ਪੁੱਛਣ ਤੋਂ ਕਿਨਾਰਾ ਕਰਦੇ ਹਨ। ਗੁਰਦਾਸਪੁਰ ਤੋਂ ਭਾਜਪਾ ਦੇ ਸੰਸਦ ਮੈਂਬਰ ਸਨੀ ਦਿਉਲ ਨੇ ਸਵਾ ਸਾਲ ਦੇ ਅਰਸੇ ਦੌਰਾਨ ਪਾਰਲੀਮੈਂਟ ਵਿਚ ਸਿਰਫ਼ ਇੱਕ ਲਿਖਤੀ ਸੁਆਲ ਕੀਤਾ ਹੈ, ਜਿਸ ਦਾ ਖੇਤੀ ਨਾਲ ਤੁਅੱਲਕ ਨਹੀਂ ਸੀ। ਵੇਰਵਿਆਂ ਅਨੁਸਾਰ ਪਾਰਲੀਮੈਂਟ ਵਿਚ 21 ਜੂਨ 2019 ਤੋਂ 23 ਸਤੰਬਰ 2020 ਤੱਕ ਸਨੀ ਦਿਉਲ ਨੇ ਸਿਰਫ਼ ਇੱਕੋ ਲਿਖਤੀ ਸੁਆਲ ਪੁੱਛਿਆ। ਫ਼ਰੀਦਕੋਟ ਤੋਂ ਕਾਂਗਰਸੀ ਸੰਸਦ ਮੈਂਬਰ ਮੁਹੰਮਦ ਸਦੀਕ ਵੀ ਪਿੱਛੇ ਨਹੀਂ ਰਹੇ ਅਤੇ ਉਨ੍ਹਾਂ ਨੇ ਵੀ ਸਵਾ ਸਾਲ ‘ਚ ਇੱਕੋ ਸੁਆਲ ਹੀ ਪੁੱਛਿਆ। ਉਧਰ ‘ਆਪ’ ਦੇ ਸੰਸਦ ਮੈਂਬਰ ਭਗਵੰਤ ਮਾਨ ਵੀ ਇਸੇ ਰਾਹ ਤੁਰੇ ਹਨ ਅਤੇ ਉਨ੍ਹਾਂ ਨੇ ਵੀ ਸਿਰਫ਼ ਇੱਕੋ ਲਿਖਤੀ ਸੁਆਲ ਪੁੱਛਿਆ ਜੋ ਖੇਤੀ ਨਾਲ ਤੁਅੱਲਕ ਨਹੀਂ ਰੱਖਦਾ।
ਭਗਵੰਤ ਮਾਨ ਨੇ 7 ਜੁਲਾਈ 2014 ਤੋਂ 13 ਫਰਵਰੀ 2019 ਦੌਰਾਨ ਹੋਏ ਸੈਸ਼ਨਾਂ ਦੌਰਾਨ ਪਾਰਲੀਮੈਂਟ ਵਿਚ ਕੁੱਲ 57 ਲਿਖਤੀ ਸੁਆਲ ਕੀਤੇ ਜਿਨ੍ਹਾਂ ਵਿੱਚੋਂ ਖੇਤੀ ਮੰਤਰਾਲੇ ਨਾਲ ਸਬੰਧਿਤ ਸਿਰਫ਼ ਇੱਕ ਸੁਆਲ ਸੀ। ਜਦੋਂ ਕੈਪਟਨ ਅਮਰਿੰਦਰ ਸਿੰਘ ਸੰਸਦ ਮੈਂਬਰ ਬਣੇ ਸਨ ਤਾਂ ਉਨ੍ਹਾਂ ਨੇ ਕੁੱਲ 16 ਲਿਖਤੀ ਸੁਆਲ ਪੁੱਛੇ ਜਿਨ੍ਹਾਂ ਵਿੱਚੋਂ ਖੇਤੀ ਮੰਤਰਾਲੇ ਵਾਲਾ ਇੱਕ ਸੁਆਲ ਹੀ ਸੀ। ਸ਼੍ਰੋਮਣੀ ਅਕਾਲੀ ਦਲ ਦੇ ਸੰਸਦ ਮੈਂਬਰ ਸੁਖਬੀਰ ਸਿੰਘ ਬਾਦਲ ਨੇ ਸਵਾ ਸਾਲ ਵਿਚ ਪਾਰਲੀਮੈਂਟ ਤੋਂ 9 ਸੁਆਲ ਪੁੱਛੇ, ਪਰ ਖੇਤੀ ਮੰਤਰਾਲੇ ਤੋਂ ਕੋਈ ਵੀ ਸੁਆਲ ਨਹੀਂ ਪੁੱਛਿਆ।
ਫਤਹਿਗੜ੍ਹ ਸਾਹਿਬ ਤੋਂ ਕਾਂਗਰਸੀ ਸੰਸਦ ਮੈਂਬਰ ਡਾ. ਅਮਰ ਸਿੰਘ ਨੇ ਕੁੱਲ 50 ਲਿਖਤੀ ਸੁਆਲ ਪੁੱਛੇ ਹਨ। ਪਟਿਆਲਾ ਤੋਂ ਕਾਂਗਰਸੀ ਸੰਸਦ ਮੈਂਬਰ ਪਰਨੀਤ ਕੌਰ ਦੇ ਲਿਖਤੀ ਸੁਆਲਾਂ ਦੀ ਗਿਣਤੀ ਤਿੰਨ ਬਣਦੀ ਹੈ ਜਿਨ੍ਹਾਂ ’ਚੋਂ ਸਿਰਫ਼ ਇੱਕ ਸੁਆਲ ਖੇਤੀ ਨਾਲ ਸਬੰਧਤ ਹੈ। ਇਸੇ ਤਰ੍ਹਾਂ ਸ੍ਰੀ ਆਨੰਦਪੁਰ ਸਾਹਿਬ ਤੋਂ ਕਾਂਗਰਸੀ ਸੰਸਦ ਮੈਂਬਰ ਵਲੋਂ ਖੇਤੀ ਮੰਤਰਾਲੇ ਤੋਂ ਪੁੱਛੇ ਲਿਖਤੀ ਸੁਆਲਾਂ ਦੀ ਗਿਣਤੀ ਤਿੰਨ ਹੀ ਹੈ। ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਖੇਤੀ ਮੰਤਰਾਲੇ ਵੱਲੋਂ ਤਿੰਨ ਸੁਆਲ ਪੁੱਛੇ ਹਨ ਤੇ ਉਨ੍ਹਾਂ ਵੱਲੋਂ ਪੁੱਛੇ ਗਏ ਕੁੱਲ ਲਿਖਤੀ ਸੁਆਲਾਂ ਦੀ ਗਿਣਤੀ 52 ਹੈ।
17ਵੀਂ ਲੋਕ ਸਭਾ ਵਿਚ ਲੁਧਿਆਣਾ ਤੋਂ ਕਾਂਗਰਸੀ ਸੰਸਦ ਮੈਂਬਰ ਰਵਨੀਤ ਬਿੱਟੂ ਨੇ 100 ਲਿਖਤੀ ਸੁਆਲ ਕੀਤੇ ਹਨ, ਜਿਨ੍ਹਾਂ ਵਿਚੋਂ ਖੇਤੀ ਮੰਤਰਾਲੇ ਵਾਲੇ ਸਿਰਫ਼ ਛੇ ਸੁਆਲ ਹਨ। ਜਲੰਧਰ ਤੋਂ ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਨੇ ਦੋ ਲਿਖਤੀ ਸੁਆਲ ਖੇਤੀ ਮੰਤਰਾਲੇ ਨੂੰ ਕੀਤੇ ਜਦੋਂ ਕਿ ਉਨ੍ਹਾਂ ਦੇ ਕੁੱਲ ਸੁਆਲਾਂ ਦਾ ਅੰਕੜਾ 43 ਬਣਦਾ ਹੈ। ਦੇਖਣ ਵਿਚ ਆਇਆ ਕਿ ਬਹੁਤੇ ਸੰਸਦ ਮੈਂਬਰਾਂ ਨੇ ਸ਼ਿਪਿੰਗ ਮੰਤਰਾਲੇ ਤੋਂ ਕਾਫ਼ੀ ਸੁਆਲ ਪੁੱਛੇ ਹਨ, ਜਿਨ੍ਹਾਂ ਦਾ ਪੰਜਾਬ ਨਾਲ ਕੋਈ ਤੁਅੱਲਕ ਨਹੀਂ ਹੁੰਦਾ।ਬੀ.ਕੇ.ਯੂ (ਉਗਰਾਹਾਂ) ਦੇ ਆਗੂ ਸ਼ਿੰਗਾਰਾ ਸਿੰਘ ਮਾਨ ਦਾ ਕਹਿਣਾ ਹੈ ਕਿ ਪੰਜਾਬ ਦੇ ਮੌਜੂਦਾ ਸੰਸਦ ਮੈਂਬਰ ਹੁਣ ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨੀ ਲਈ ਮਗਰਮੱਛ ਵਾਲੇ ਹੰਝੂ ਵਹਾ ਰਹੇ ਹਨ ਪਰ ਪਾਰਲੀਮੈਂਟ ਵਿਚ ਕਿਸਾਨਾਂ ਦੇ ਰਾਖੇ ਬਣ ਕੇ ਨਹੀਂ ਵਿਚਰਦੇ ਹਨ। ਰਾਜ ਸਭਾ ਮੈਂਬਰਾਂ ਵਿੱਚੋਂ ਪ੍ਰਤਾਪ ਸਿੰਘ ਬਾਜਵਾ ਦਾ ਰਿਕਾਰਡ ਇਸ ਮਾਮਲੇ ‘ਚ ਠੀਕ ਜਾਪਦਾ ਹੈ ਜਿਨ੍ਹਾਂ ਨੇ 16 ਨਵੰਬਰ 2016 ਤੋਂ ਹੁਣ ਤੱਕ ਖੇਤੀ ਮੰਤਰਾਲੇ ਤੋਂ 32 ਲਿਖਤੀ ਸੁਆਲ ਪੁੱਛੇ ਹਨ ਜਿਨ੍ਹਾਂ ਦੇ ਕੁੱਲ ਸੁਆਲ 318 ਬਣਦੇ ਹਨ। ਸ਼੍ਰੋਮਣੀ ਅਕਾਲੀ ਦਲ ਦੇ ਰਾਜ ਸਭਾ ਮੈਂਬਰ ਬਲਵਿੰਦਰ ਸਿੰਘ ਭੂੰਦੜ ਨੇ ਸਾਲ 1999 ਤੋਂ ਹੁਣ ਤੱਕ ਵੱਖ-ਵੱਖ ਟਰਮਾਂ ਦੌਰਾਨ ਪਾਰਲੀਮੈਂਟ ਤੋਂ ਕੁੱਲ 693 ਲਿਖਤੀ ਸੁਆਲ ਪੁੱਛੇ ਹਨ ਜਿਨ੍ਹਾਂ ਵਿੱਚੋਂ 25 ਲਿਖਤੀ ਸੁਆਲ ਹੀ ਖੇਤੀ ਮੰਤਰਾਲੇ ਨਾਲ ਸਬੰਧਿਤ ਸਨ। ਸ਼ਮਸ਼ੇਰ ਸਿੰਘ ਦੂਲੋ ਦੇ 108 ਵਿੱਚੋਂ ਪੰਜ ਸੁਆਲ ਹੀ ਖੇਤੀ ਮੰਤਰਾਲੇ ਵਾਲੇ ਸਨ।