ਨਿੱਜੀ ਪੱਤਰ ਪ੍ਰੇਰਕ
ਜਲੰਧਰ, 26 ਅਕਤੂਬਰ
ਇੱਥੇ ਦੇਸ਼ ਭਗਤ ਯਾਦਗਾਰ ਹਾਲ ਵਿੱਚ 30 ਅਕਤੂਬਰ ਤੋਂ ਕਰਵਾਇਆ ਜਾ ਰਿਹਾ 31ਵਾਂ ਤਿੰਨ ਦਿਨਾਂ ‘ਮੇਲਾ ਗ਼ਦਰੀ ਬਾਬਿਆਂ ਦਾ’ ਸਾਮਰਾਜੀ ਅਤੇ ਫ਼ਿਰਕੂ ਫਾਸ਼ੀ ਹੱਲੇ ਖਿਲਾਫ਼ ਜੂਝਦੀਆਂ ਲਹਿਰਾਂ ਦੇ ਸੰਗਰਾਮੀਆਂ ਨੂੰ ਸਮਰਪਿਤ ਹੋਵੇਗਾ। ਮੇਲਾ ਗ਼ਦਰੀ ਬਾਬਿਆਂ ਦਾ 30 ਅਕਤੂਬਰ ਤੋਂ 2 ਨਵੰਬਰ ਸਰਘੀ ਵੇਲੇ ਤੱਕ ਜੋਸ਼-ਖਰੋਸ਼ ਨਾਲ ਮਨਾਇਆ ਜਾਵੇਗਾ। ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਕਾਰਜਕਾਰੀ ਜਨਰਲ ਸਕੱਤਰ ਡਾ. ਪਰਮਿੰਦਰ ਸਿੰਘ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਹ ਮੇਲਾ ਸਾਮਰਾਜੀ ਅਤੇ ਦੇਸੀ ਬਹੁ-ਕੌਮੀ ਕੰਪਨੀਆਂ, ਫ਼ਿਰਕੂ ਤੇ ਫਾਸ਼ੀ ਹੱਲੇ ਅਤੇ ਬੁੱਧੀਜੀਵੀਆਂ ਅਤੇ ਪੱਤਰਕਾਰਾਂ ਨੂੰ ਚੋਣਵਾਂ ਨਿਸ਼ਾਨੇ ਬਣਾਏ ਜਾਣ ਦੇ ਮਾਰੂ ਹਮਲਿਆਂ ਨੂੰ ਪਛਾੜਨ ਲਈ ਸੰਘਰਸ਼ ਦੇ ਮੈਦਾਨ ’ਚ ਨਿਤਰੀਆਂ ਲਹਿਰਾਂ ਅਤੇ ਉਨ੍ਹਾਂ ਲਹਿਰਾਂ ’ਚ ਅਥਾਹ ਕੁਰਬਾਨੀਆਂ ਕਰ ਰਹੇ ਜੁਝਾਰੂਆਂ ਦੀ ਸ਼ਾਨਾਮੱਤੀ ਭੂਮਿਕਾ ਤੋਂ ਪ੍ਰੇਰਨਾ ਲੈਂਦਿਆਂ ਲੋਕਾਂ ਨੂੰ ਜਨਤਕ ਲਹਿਰ ਉਸਾਰਨ ਦਾ ਪੈਗ਼ਾਮ ਦੇਵੇਗਾ। ਤਿੰਨ ਰੋਜ਼ਾ ਮੇਲੇ ਮੌਕੇ ਦੇਸ਼ ਭਗਤ ਯਾਦਗਾਰ ਹਾਲ ਦੇ ਕੰਪਲੈਕਸ ਨੂੰ ‘ਮੁਹੰਮਦ ਸਿੰਘ ਆਜ਼ਾਦ ਨਗਰ’ ਦਾ ਨਾਂਅ ਦਿੱਤਾ ਜਾਵੇਗਾ ਅਤੇ ਪ੍ਰਮੁੱਖ ਪ੍ਰਵੇਸ਼ ਦੁਆਰ ਇਸ ਨਾਂਅ ’ਤੇ ਬਣਾਇਆ ਜਾਵੇਗਾ।ਉਨ੍ਹਾਂ ਦੱਸਿਆ ਕਿ ਪਹਿਲੀ ਨਵੰਬਰ ਸਵੇਰੇ 10 ਵਜੇ ਗ਼ਦਰੀ ਝੰਡਾ ਲਹਿਰਾਉਣ ਦੀ ਰਸਮ ਕਮੇਟੀ ਦੇ ਮੈਂਬਰ ਤੇ ਖੋਜੀ ਲੇਖਕ ਸੁਵਰਨ ਸਿੰਘ ਵਿਰਕ ਕਰਨਗੇ। ਕਾਰਜਕਾਰੀ ਸਕੱਤਰ ਡਾ. ਪਰਮਿੰਦਰ ਸਿੰਘ ‘ਜੀ ਆਇਆਂ’ ਕਹਿਣਗੇ ਅਤੇ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ ਪ੍ਰਧਾਨਗੀ ਸ਼ਬਦ ਸਾਂਝੇ ਕਰਨਗੇ। ਅਮੋਲਕ ਸਿੰਘ ਵੱਲੋਂ ਸਿਰਜਿਆ ਸੰਗੀਤ ਨਾਟ-ਓਪੇਰਾ ‘ਗ਼ਦਰ ਦਾ ਪੈਗ਼ਾਮ: ਜਾਰੀ ਰੱਖਣਾ ਸੰਗਰਾਮ’ ਝੰਡੇ ਦਾ ਗੀਤ ਸੱਤਪਾਲ ਬੰਗਾ ਪਟਿਆਲਾ ਦੀ ਨਿਰਦੇਸ਼ਨਾ ਹੇਠ ਲਗਪਗ 100 ਕਲਾਕਾਰਾਂ ਵੱਲੋਂ ਪੇਸ਼ ਕੀਤਾ ਜਾਵੇਗਾ।
ਇਸ ਦੌਰਾਨ ਅੰਮ੍ਰਿਤਸਰ ਤੋਂ ਹਰਿੰਦਰ ਸੋਹਲ ਅਤੇ ਸਾਥੀ ਗੀਤਾਂ ਦਾ ਖ਼ੂਬਸੂਰਤ ਰੰਗ ਪੇਸ਼ ਕਰਨਗੇ। ਗੁਜਰਾਤ ਦੇ ਨਾਮਵਰ ਕਲਾਕਾਰ ਵਿਨੈ ਅਤੇ ਚਾਰੁਲ ਗੀਤ ਪੇਸ਼ ਕਰਨਗੇ। ਇਸ ਦੌਰਾਨ ਸਮਾਜਕ-ਜਮਹੂਰੀ ਕਾਰਕੁਨ ਡਾ. ਨਵਸ਼ਰਨ ਅਤੇ ਡਾ. ਰਾਜ ਰਤਨ ਅੰਬੇਡਕਰ ਵਿਚਾਰ ਰੱਖਣਗੇ। ਇਸ ਮੌਕੇ ਗਾਂਧੀਵਾਦੀ ਆਗੂ ਹਿਮਾਂਸ਼ੂ ਕੁਮਾਰ, ਐਡਵੋਕੇਟ ਰਾਜਵਿੰਦਰ ਸਿੰਘ ਬੈਂਸ, ਮੰਗਤ ਰਾਮ ਪਾਸਲਾ, ਹਰਦੇਵ ਅਰਸ਼ੀ ਅਤੇ ਡਾ. ਪਰਮਿੰਦਰ ਵੀ ਸ਼ਿਰਕਤ ਕਰਨਗੇ। ਮੇਲੇ ਦਾ ਆਗਾਜ਼ 30 ਅਕਤੂਬਰ ਸਵੇਰੇ 10 ਵਜੇ ਗ਼ਦਰੀ ਬਾਬਾ ਜਵਾਲਾ ਸਿੰਘ ਹਾਲ ਵਿੱਚ ਸ਼ਮ੍ਹਾਂ ਰੌਸ਼ਨ ਕਰਕੇ ਆਜ਼ਾਦੀ ਸੰਗਰਾਮ ਦੇ ਅਮਰ ਸ਼ਹੀਦਾਂ ਨੂੰ ਸਿਜਦਾ ਕੀਤਾ ਜਾਵੇਗਾ। ਪਹਿਲੀ ਨਵੰਬਰ ਨਾਟਕਾਂ ਅਤੇ ਗੀਤਾਂ ਭਰੀ ਰਾਤ ਮੌਕੇ ਹੋਵੇਗੀ। ਜ਼ਿਕਰਯੋਗ ਹੈ ਕਿ ਕੁਇਜ਼ ਮੁਕਾਬਲਾ, ਦੇਸ਼ ਭਗਤ ਯਾਦਗਾਰ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਨੌਨਿਹਾਲ ਸਿੰਘ, ਪੇਂਟਿੰਗ ਮੁਕਾਬਲਾ ਅਮਿਤ ਜ਼ਰਫ਼, ਵਿਚਾਰ-ਚਰਚਾ ਅਵਤਾਰ ਸਿੰਘ ਜੌਹਲ ਅਤੇ ਪੁਸਤਕ ਪ੍ਰਦਰਸ਼ਨੀ ਪ੍ਰੀਤਮ ਸਿੰਘ ਦਰਦੀ ਨੂੰ ਸਮਰਪਤ ਹੋਏਗੀ।
ਇਸ ਮੌਕੇ ਮੌਕੇ ਕਮੇਟੀ ਦੇ ਮੀਤ ਪ੍ਰਧਾਨ ਸੀਤਲ ਸਿੰਘ ਸੰਘਾ, ਵਿੱਤ ਸਕੱਤਰ ਰਣਜੀਤ ਸਿੰਘ ਔਲਖ, ਸੀਨੀਅਰ ਮੈਂਬਰ ਸੁਰਿੰਦਰ ਕੁਮਾਰੀ ਕੋਛੜ, ਕੁਲਬੀਰ ਸੰਘੇੜਾ, ਮੰਗਤ ਰਾਮ ਪਾਸਲਾ, ਹਰਮੇਸ਼ ਮਾਲੜੀ, ਪ੍ਰੋ. ਗੋਪਾਲ ਸਿੰਘ ਬੁੱਟਰ, ਵਿਜੈ ਬੰਬੇਲੀ ਅਤੇ ਚਰੰਜੀ ਲਾਲ ਕੰਗਣੀਵਾਲ ਵੀ ਹਾਜ਼ਰ ਸਨ।
ਪ੍ਰੈਸ ਕਾਨਫਰੰਸ ਦੌਰਾਨ ਲਾਹੌਰ ਹਸਪਤਾਲ ਤੋਂ ਬਾਬਾ ਨਜ਼ਮੀ ਦਾ ਫੋਨ ’ਤੇ ਦੇਸ਼ ਭਗਤ ਕਮੇਟੀ, ਪੱਤਰਕਾਰ ਭਾਈਚਾਰੇ ਅਤੇ ਪੰਜਾਬ ਵਾਸੀਆਂ ਦੇ ਨਾਂਅ ਸਿੱਧਾ ਸੁਨੇਹਾ ਸੁਣਾਇਆ ਗਿਆ। ਚਿੱਤਰ-ਕਲਾ ਅਤੇ ਫੋਟੋ ਕਲਾ ਪ੍ਰਦਰਸ਼ਨੀ ਮੇਲੇ ਦੀ ਵਿਸ਼ੇਸ਼ ਖਿੱਚ ਹੋਣਗੇ।