ਲਖਵੀਰ ਸਿੰਘ ਚੀਮਾ
ਟੱਲੇਵਾਲ, 27 ਫਰਵਰੀ
ਪਿੰਡ ਬਖ਼ਤਗੜ੍ਹ ਵਿੱਚ ਭਗਤ ਰਵਿਦਾਸ ਦੇ ਪ੍ਰਕਾਸ਼ ਪੁਰਬ ਮੌਕੇ ਬੀਤੇ ਦਿਨ ਦੋ ਧਿਰਾਂ ਆਹਮੋ-ਸਾਹਮਣੇ ਹੋਣ ਕਾਰਨ ਅਖੰਡ ਪਾਠ ਖੰਡਤ ਹੋ ਗਏ ਸਨ, ਜਿਸ ਕਰਕੇ ਇਹ ਮਾਮਲਾ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਪਹੁੰਚ ਗਿਆ ਸੀ। ਅੱਜ ਇਸ ਮਾਮਲੇ ਦੀ ਪੜਤਾਲ ਲਈ ਤਖ਼ਤ ਸਾਹਿਬ ਤੋਂ ਪੰਜ ਪਿਆਰਿਆਂ ਦੀ ਟੀਮ ਅਤੇ ਐੱਸਜੀਪੀਸੀ ਦੇ ਅੰਤ੍ਰਿਗ ਕਮੇਟੀ ਮੈਂਬਰ ਜਥੇਦਾਰ ਬਲਦੇਵ ਸਿੰਘ ਚੂੰਘਾਂ ਪਹੁੰਚੇ। ਟੀਮ ਨੇ ਸਾਰੀਆਂ ਧਿਰਾਂ ਦੇ ਪੱਖ ਸੁਣੇ ਅਤੇ ਅਖੰਡ ਪਾਠ ਖੰਡਤ ਕਰਨ ਲਈ ਜ਼ਿੰਮੇਵਾਰ ਵਿਅਕਤੀਆਂ ਦੀ ਪਛਾਣ ਕੀਤੀ। ਪੰਜ ਪਿਆਰਿਆਂ ’ਚੋਂ ਭਾਈ ਗੁਰਵਿੰਦਰ ਸਿੰਘ ਅਤੇ ਭਾਈ ਅਮਨਦੀਪ ਸਿੰਘ ਨੇ ਦੱਸਿਆ ਕਿ ਪਿੰਡ ਬਖ਼ਤਗੜ੍ਹ ਵਿੱਚ ਭਗਤ ਰਵਿਦਾਸ ਦੇ ਜਨਮ ਦਿਹਾੜੇ ਸਬੰਧੀ ਅਖੰਡ ਪਾਠ ਚੱਲ ਰਹੇ ਸਨ। ਇਸ ਦੌਰਾਨ ਬੀਤੇ ਦਿਨ ਇੱਕ ਪਾਠੀ ਸਿੰਘ ਧੱਕੇ ਨਾਲ ਰੌਲ ਲਾਉਣ ਬੈਠ ਗਿਆ ਅਤੇ ਬਾਅਦ ਵਿੱਚ ਆਪਣੀ ਮਰਜ਼ੀ ਨਾਲ ਉਠ ਕੇ ਚਲਾ ਗਿਆ, ਜਿਸ ਕਾਰਨ ਅਖੰਡ ਪਾਠ ਸਾਹਿਬ ਖੰਡਤ ਕਰ ਕੇ ਵੱਡਾ ਗੁਨਾਹ ਕੀਤਾ ਗਿਆ ਹੈ।
ਟੀਮ ਦੀ ਪੜਤਾਲ ਦੌਰਾਨ ਕਰਮ ਸਿੰਘ ਅਤੇ ਉਸ ਦੇ ਸਾਥੀ ਜ਼ਿੰਮੇਵਾਰ ਪਾਏ ਗਏ, ਜਿਨ੍ਹਾਂ ਨੇ ਲਿਖ਼ਤੀ ਤੌਰ ’ਤੇ ਆਪਣੀ ਗਲਤੀ ਮੰਨ ਕੇ ਮੁਆਫ਼ੀਨਾਮਾ ਸੌਂਪਿਆ ਹੈ। ਗੁਨਾਹਗਾਰਾਂ ਨੂੰ 2 ਮਾਰਚ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਬੁਲਾਇਆ ਗਿਆ ਹੈ, ਜਿੱਥੇ ਉਨ੍ਹਾਂ ਨੂੰ ਧਾਰਮਿਕ ਤੌਰ ’ਤੇ ਸਜ਼ਾ ਲਗਾਈ ਜਾਵੇਗੀ। ਜਥੇਦਾਰ ਬਲਦੇਵ ਸਿੰਘ ਚੂੰਘਾਂ ਨੇ ਕਿਹਾ ਕਿ ਆਮ ਲੋਕਾਂ ਨੂੰ ਵੀ ਆਪਣੇ ਨਿੱਜੀ ਵਿਵਾਦਾਂ ਨੂੰ ਗੁਰੂਘਰਾਂ ਵਿੱਚ ਨਹੀਂ ਲਿਆਉਣਾ ਚਾਹੀਦਾ। ਇਸ ਮੌਕੇ ਥਾਣਾ ਸਦਰ ਦੇ ਐੱਸਐੱਚਓ ਜਸਵਿੰਦਰ ਸਿੰਘ ਹਾਜ਼ਰ ਸਨ।