ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 9 ਅਗਸਤ
ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀਬੀਐੱਸਈ) ਨੇ ਨੌਵੀਂ ਤੇ ਦਸਵੀਂ ਜਮਾਤ ਵਿਚ ਬੇਸਿਕ ਗਣਿਤ ਪੜ੍ਹਨ ਵਾਲਿਆਂ ਨੂੰ ਮੁੱਖ ਗਣਿਤ ਪੜ੍ਹਨ ਦੀ ਇਜਾਜ਼ਤ ਦੇ ਦਿੱਤੀ ਹੈ ਜਦਕਿ ਪਹਿਲਾਂ ਸਿਰਫ ਸਟੈਂਡਰਡ ਗਣਿਤ ਪੜ੍ਹਨ ਵਾਲਿਆਂ ਨੂੰ ਹੀ ਇਹ ਸਹੂਲਤ ਮਿਲਦੀ ਸੀ। ਬੋਰਡ ਨੇ ਕਰੋਨਾ ਕਾਲ ਦੌਰਾਨ ਗਣਿਤ ਪੜ੍ਹਨ ਵਾਲਿਆਂ ਨੂੰ ਰਾਹਤ ਦਿੱਤੀ ਹੈ ਤੇ ਇਸ ਸਬੰਧੀ ਸੀਬੀਐੱਸਈ ਦੇ ਪ੍ਰੀਖਿਆਵਾਂ ਕੰਟਰੋਲਰ ਸੰਯਮ ਭਾਰਦਵਾਜ ਨੇ ਸਕੂਲ ਮੁਖੀਆਂ ਨੂੰ 8 ਅਗਸਤ ਨੂੰ ਪੱਤਰ ਜਾਰੀ ਕੀਤਾ। ਦੱਸਣਾ ਬਣਦਾ ਹੈ ਕਿ ਨੌਵੀਂ ਜਮਾਤ ਵਿੱਚ ਵਿਦਿਆਰਥੀਆਂ ਨੂੰ ਬੇਸਿਕ ਗਣਿਤ ਤੇ ਸਟੈਂਡਰਡ ਗਣਿਤ ਵਿਚੋਂ ਇਕ ਦੀ ਚੋਣ ਕਰਨੀ ਹੁੰਦੀ ਹੈ। ਆਮ ਭਾਸ਼ਾ ਵਿੱਚ ਬੇਸਿਕ ਗਣਿਤ ਸੌਖਾ ਹੁੰਦਾ ਹੈ ਤੇ ਬੇਸਿਕ ਗਣਿਤ ਪੜ੍ਹਨ ਵਾਲੇ ਵਿਦਿਆਰਥੀ ਗਿਆਰ੍ਹਵੀਂ ਜਮਾਤ ਵਿਚ ਸਿਰਫ ਅਪਲਾਈਡ ਮੈਥ ਹੀ ਚੁਣ ਸਕਦੇ ਸਨ ਜੋ ਆਮ ਗਣਿਤ ਨਾਲੋਂ ਸੌਖਾ ਹੁੰਦਾ ਹੈ। ਸਟੈਂਡਰਡ ਮੈਥ ਔਖਾ ਹੁੰਦਾ ਹੈ ਤੇ ਇਸ ਨੂੰ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਹੀ ਗਿਆਰ੍ਹਵੀਂ ਵਿਚ ਗਣਿਤ ਲੈਣ ਦੀ ਇਜਾਜ਼ਤ ਮਿਲਦੀ ਹੈ। ਬੋਰਡ ਦੇ ਅਧਿਕਾਰੀਆਂ ਨੇ ਦੱਸਿਆ ਕਿ ਕਰੋਨਾ ਨੇ ਵਿਦਿਆਰਥੀਆਂ ਦੀ ਪੜ੍ਹਨ ਸਮਰੱਥਾ ਨੂੰ ਕਾਫੀ ਪ੍ਰਭਾਵਿਤ ਕੀਤਾ ਹੈ, ਇਸ ਕਰ ਕੇ ਬੋਰਡ ਨੇ ਗਣਿਤ ਪੜ੍ਹਨ ਵਾਲਿਆਂ ਲਈ ਦੂਜੇ ਸਾਲ ਵੀ ਨਿਯਮ ਸੌਖੇ ਕੀਤੇ ਹਨ ਪਰ ਇਸ ਸਬੰਧੀ ਆਖਰੀ ਫੈਸਲਾ ਸਕੂਲ ਮੁਖੀ ਹੀ ਲੈਣਗੇ।
578 ਸਕੂਲਾਂ ਨੂੰ ਨਹੀਂ ਮਿਲੀ ਮਾਨਤਾ
ਸੀਬੀਐੱਸਈ ਨੇ ਟਵੀਟ ਕਰ ਕੇ ਜਾਣਕਾਰੀ ਦਿੱਤੀ ਹੈ ਕਿ ਇਸ ਸਾਲ ਦੇਸ਼ ਭਰ ਦੇ 578 ਸਕੂਲਾਂ ਨੂੰ ਮਾਨਤਾ ਨਹੀਂ ਦਿੱਤੀ ਗਈ। ਬੋਰਡ ਨੇ ਵੱਖ-ਵੱਖ ਖਾਮੀਆਂ ਕਾਰਨ ਉਨ੍ਹਾਂ ਸਕੂਲਾਂ ਦੀ ਮਾਨਤਾ ਅਰਜ਼ੀ ਰੱਦ ਕਰ ਦਿੱਤੀ ਹੈ ਪਰ ਸੈਸ਼ਨ 2022-23 ਲਈ 8544 ਸਕੂਲਾਂ ਨੂੰ ਮਾਨਤਾ ਦੇ ਦਿੱਤੀ ਗਈ ਹੈ।