ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 23 ਜਨਵਰੀ
ਇਸ ਵਾਰ ਗਣਤੰਤਰ ਦਿਵਸ ਮੌਕੇ ਦਿੱਲੀ ਵਿੱਚ ਹੋਣ ਵਾਲੀ ਕੌਮੀ ਪਰੇਡ ਵਿੱਚ ਦਿਖਾਈਆਂ ਜਾਣ ਵਾਲੀਆਂ ਝਾਕੀਆਂ ਵਿੱਚ ਉੱਤਰਾਖੰਡ ’ਚ ਲਗਪਗ ਪੰਦਰਾਂ ਹਜ਼ਾਰ ਫੁੱਟ ਦੀ ਉਚਾਈ ’ਤੇ ਸਥਿਤ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੀ ਝਲਕ ਵੀ ਸ਼ਾਮਲ ਹੋਵੇਗਾ। ਇਹ ਖੁਲਾਸਾ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਦੇ ਮੀਤ ਚੇਅਰਮੈਨ ਨਰਿੰਦਰਪਾਲ ਬਿੰਦਰਾ ਨੇ ਕੀਤਾ ਹੈ। ਉਨ੍ਹਾਂ ਦੱਸਿਆ ਕਿ 26 ਜਨਵਰੀ ਨੂੰ ਸਵੇਰ ਵੇਲੇ ਦਿੱਲੀ ਦੇ ਕੌਮੀ ਮਾਰਗ ’ਤੇ ਹੋਣ ਵਾਲੀ ਪਰੇਡ ਵਿੱਚ ਦਿਖਾਈਆਂ ਜਾਣ ਵਾਲੀਆਂ ਝਾਕੀਆਂ ਵਿੱਚ ਉੱਤਰਾਖੰਡ ਸੂਬੇ ਦੀ ਇੱਕ ਝਾਕੀ ਵੀ ਸ਼ਾਮਲ ਹੈ, ਜਿਸ ਵਿੱਚ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੀ ਝਾਕੀ ਵੀ ਤਿਆਰ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਹ ਸਿੱਖ ਕੌਮ ਲਈ ਮਾਣ ਵਾਲੀ ਗੱਲ ਹੈ ਕਿ ਉਤਰਾਖੰਡ ਸੂਬੇ ਵਿੱਚ ਚਾਰ ਧਾਮ ਦੀ ਯਾਤਰਾ ਦੇ ਨਾਲ ਹੁਣ ਗੁਰਦੁਆਰਾ ਹੇਮਕੁੰਟ ਸਾਹਿਬ ਦੀ ਯਾਤਰਾ ਨੂੰ ਵੀ ਬਰਾਬਰ ਦੀ ਅਹਿਮੀਅਤ ਦਿੱਤੀ ਜਾਂਦੀ ਹੈ। ਮਿਲੇ ਵੇਰਵਿਆਂ ਮੁਤਾਬਕ ਇਸ ਵਾਰ ਕੌਮੀ ਪਰੇਡ ਵਿੱਚ ਬਾਰਾਂ ਸੂਬਿਆਂ ਦੀਆਂ ਝਾਕੀਆਂ ਦਿਖਾਈਆਂ ਜਾ ਰਹੀਆਂ ਹਨ, ਜਿਨ੍ਹਾਂ ਵਿੱਚ ਉੱਤਰਾਖੰਡ ਦੀ ਝਾਕੀ ਵੀ ਸ਼ਾਮਲ ਹੈ। ਉਤਰਾਖੰਡ ਵੱਲੋਂ ਤਿਆਰ ਕੀਤੀ ਗਈ ਝਾਕੀ ਦੇ ਅਗਲੇ ਭਾਗ ’ਚ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਨੂੰ ਦਿਖਾਇਆ ਜਾਵੇਗਾ। ਇਸ ਦੇ ਨਾਲ ਹੀ ਸਤਿਨਾਮ ਵਾਹਿਗੁਰੂ ਦੇ ਸਿਮਰਨ ਦੀ ਆਵਾਜ਼ ਆਵੇਗੀ। ਇਸ ਝਾਕੀ ਦੇ ਪਿਛਲੇ ਭਾਗ ’ਚ ਬਦਰੀਨਾਥ ਧਾਮ ਦਿਖਾਇਆ ਗਿਆ ਹੈ, ਜਦਕਿ ਇਸ ਦੇ ਵਿਚਾਲੇ ਫੁੱਲਾਂ ਦੀ ਘਾਟੀ ਬਣਾਈ ਗਈ ਹੈ। ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ, ਫੁੱਲਾਂ ਦੀ ਘਾਟੀ ਤੇ ਬਦਰੀਨਾਥ ਧਾਮ ਉਤਰਾਖੰਡ ਸੂਬੇ ’ਚ ਇੱਕੋ ਦਿਸ਼ਾ ਵਿੱਚ ਸਥਾਪਤ ਹਨ। ਇਹ ਸਾਰੇ ਸਥਾਨ ਹੀ ਲਗਪਗ ਦਸ ਹਜ਼ਾਰ ਫੁੱਟ ਤੋਂ ਵਧੇਰੇ ਉਚਾਈ ’ਤੇ ਸਥਿਤ ਹਨ ਅਤੇ ਯਾਤਰੂਆਂ ਲਈ ਲਈ ਵਿਸ਼ੇਸ਼ ਖਿੱਚ ਦਾ ਕੇਂਦਰ ਹੁੰਦੇ ਹਨ।