ਫ਼ਿਰੋਜ਼ਪੁਰ (ਨਿੱਜੀ ਪੱਤਰ ਪ੍ਰੇਰਕ): ਵਿਜੀਲੈਂਸ ਬਿਊਰੋ ਦੀ ਟੀਮ ਨੇ ਬਰਖ਼ਾਸਤ ਪੁਲੀਸ ਇੰਸਪੈਕਟਰ ਪਰਮਿੰਦਰ ਸਿੰਘ ਬਾਜਵਾ ਦੀ ਨਿਸ਼ਾਨਦੇਹੀ ’ਤੇ ਅੱਜ ਤੀਹ ਲੱਖ ਰੁਪਏ ਦੀ ਨਗਦੀ ਬਰਾਮਦ ਕਰ ਲਈ ਹੈ। ਇੰਸਪੈਕਟਰ ਬਾਜਵਾ ਨੂੰ ਕੱਲ੍ਹ ਅਦਾਲਤ ਨੇ ਚਾਰ ਰੋਜ਼ਾ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਸੀ। ਰਕਮ ਦੀ ਬਰਮਾਦਗੀ ਮੁਕਤਸਰ ਜ਼ਿਲ੍ਹੇ ’ਚ ਪੈਂਦੇ ਪਿੰਡ ਸੰਮੇ ਵਾਲੀ ਵਿਚ ਸਥਿਤ ਇੰਸਪੈਕਟਰ ਬਾਜਵਾ ਦੇ ਸਹੁਰੇ ਘਰੋਂ ਬਰਾਮਦ ਕੀਤੀ ਗਈ ਹੈ। ਕਰੀਬ ਢਾਈ ਮਹੀਨੇ ਪਹਿਲਾਂ ਇੰਸਪੈਕਟਰ ਬਾਜਵਾ ਫ਼ਿਰੋਜ਼ਪੁਰ ਵਿਚ ਨਾਰਕੋਟਿਕ ਸੈੱਲ ਦੇ ਇੰਚਾਰਜ ਸਨ। ਲੰਘੀ ਵੀਹ ਜੁਲਾਈ ਨੂੰ ਉਸ ਨੇ ਆਪਣੇ ਕੁਝ ਸਾਥੀ ਮੁਲਾਜ਼ਮਾਂ ਦੇ ਨਾਲ ਮਿਲ ਕੇ ਦੋ ਬੇਕਸੂਰਾਂ ਨੂੰ ਕਿਲੋ ਹੈਰੋਇਨ ਅਤੇ ਪੰਜ ਲੱਖ ਰੁਪਏ ਦੀ ਡਰੱਗ ਮਨੀ ਦੇ ਝੂਠੇ ਕੇਸ ਵਿਚ ਫ਼ਸਾ ਕੇ ਗ੍ਰਿਫ਼ਤਾਰ ਕਰਵਾਇਆ ਸੀ। ਬਾਅਦ ਵਿਚ ਜਾਂਚ ਮਗਰੋਂ ਇੰਸਪੈਕਟਰ ਬਾਜਵਾ ਸਣੇ ਸਬ-ਇੰਸਪੈਕਟਰ ਅੰਗਰੇਜ਼ ਸਿੰਘ, ਏਐੱਸਆਈ ਰਾਜਪਾਲ ਅਤੇ ਹੌਲਦਾਰ ਜੋਗਿੰਦਰ ਸਿੰਘ ਖ਼ਿਲਾਫ਼ ਕੇਸ ਦਰਜ ਕਰ ਕੇ ਸਾਰਿਆਂ ਨੂੰ ਬਰਖ਼ਾਸਤ ਕਰ ਦਿੱਤਾ ਗਿਆ ਸੀ। ਇੰਸਪੈਕਟਰ ਬਾਜਵਾ ਦੋ ਦਿਨ ਪਹਿਲਾਂ ਹੀ ਰਾਜਸਥਾਨ ਪੁਲੀਸ ਨੇ ਝਾਲਾਗੜ੍ਹ ਜ਼ਿਲ੍ਹੇ ਅਧੀਨ ਪੈਂਦੇ ਕਸਬਾ ਰਾਏਪੁਰ ਤੋਂ ਕਾਬੂ ਕਰ ਕੇ ਪੰਜਾਬ ਪੁਲੀਸ ਦੇ ਹਵਾਲੇ ਕਰ ਦਿੱਤਾ ਸੀ।