ਜਗਜੀਤ ਸਿੰਘ
ਮੁਕੇਰੀਆਂ, 28 ਫਰਵਰੀ
ਇੱਥੋਂ ਮੈਡੀਕਲ ਦੀ ਪੜ੍ਹਾਈ ਲਈ ਯੂਕਰੇਨ ਗਏ ਮੁਕੇਰੀਆਂ ਹਲਕੇ ਦੇ ਵਿਦਿਆਰਥੀ ਸਾਥੀਆਂ ਸਮੇਤ ਬਿਜਲੀ ਤੇ ਪਾਣੀ ਤੋਂ ਵਾਂਝੇ ਬੰਕਰਾਂ ਵਿੱਚ ਰਹਿ ਰਹੇ ਹਨ। ਬੰਕਰਾਂ ਦੇ ਬਾਹਰ ਬਰਫ਼ ਪਈ ਹੋਈ ਹੈ ਅਤੇ ਬੰਬਾਰੀ ਕਾਰਨ ਬੱਚਿਆਂ ਦੀ ਜਾਨ ਖਤਰੇ ਵਿੱਚ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਸੂਬਾ ਮੀਤ ਪ੍ਰਧਾਨ ਇੰਜਨੀਅਰ ਸਤਨਾਮ ਸਿੰਘ ਧਨੋਆ ਨੇ ਦੱਸਿਆ ਕਿ ਮੈਡੀਕਲ ਦੀ ਪੜ੍ਹਾਈ ਕਰਨ ਖਾਰਕੀਵ ਗਈ ਉਨ੍ਹਾਂ ਦੀ ਭਤੀਜੀ ਜੈਸਮੀਨ ਸਮੇਤ 35 ਹੋਰ ਵਿਦਿਆਰਥੀ ਬੰਕਰ ਵਿੱਚ ਫਸੇ ਹੋਏ ਹਨ। ਬੀਤੀ ਰਾਤ ਜੈਸਮੀਨ ਤੇ ਮੁਕੇਰੀਆਂ ਤੋਂ ਇੱਕ ਹੋਰ ਲੜਕੀ ਗੁਰਲੀਨਪਾਲ ਕੌਰ ਨੇ ਫੋਨ ਰਾਹੀਂ ਦੱਸਿਆ ਕਿ ਉਨ੍ਹਾਂ ਕੋਲ ਖਾਣ-ਪੀਣ ਅਤੇ ਠੰਢ ਤੋਂ ਬਚਣ ਲਈ ਕੋਈ ਸਾਮਾਨ ਨਹੀਂ ਹੈ। ਦੋਵੇਂ ਬੱਚੀਆਂ ਐੱਮਬੀਬੀਐੱਸ ਦੇ ਚੌਥੇ ਸਾਲ ਦੀਆਂ ਵਿਦਿਆਰਥਣਾਂ ਹਨ, ਜੋ ਖਾਰਕੀਵ ਦੇ ਇੱਕ ਰੇਲਵੇ ਸਟੇਸ਼ਨ ਦੀ ਬੰਕਰ ਵਿੱਚ ਬੰਦ ਹਨ। ਬੱਚੀਆਂ ਵੱਲੋਂ ਭੇਜੀ ਗਈ ਵੀਡੀਓ ਤੋਂ ਪਤਾ ਲੱਗਦਾ ਹੈ ਕਿ ਬੰਕਰ ਦੇ ਆਸ-ਪਾਸ ਬਰਫ਼ ਪਈ ਹੋਈ ਹੈ ਅਤੇ ਉੱਥੇ ਬਿਜਲੀ ਦਾ ਵੀ ਕੋਈ ਪ੍ਰਬੰਧ ਨਹੀਂ ਹੈ। ਉਨ੍ਹਾਂ ਦੱਸਿਆ ਕਿ ਭਾਵੇਂ ਭਾਰਤੀ ਵਿਦਿਆਰਥੀਆਂ ਜਾਂ ਕਾਰੋਬਾਰੀਆਂ ਨੂੰ ਇੱਥੋਂ ਕੱਢਣ ਲਈ ਯਤਨ ਕੀਤੇ ਜਾ ਰਹੇ ਹਨ ਪਰ ਖਾਰਕੀਵ ਦੇ ਹਾਲਾਤ ਜ਼ਿਆਦਾ ਖ਼ਰਾਬ ਹੋਣ ਕਾਰਨ ਇੱਥੋਂ ਵਿਸ਼ੇਸ਼ ਯਤਨਾਂ ਨਾਲ ਹੀ ਵਾਪਸੀ ਸੰਭਵ ਹੈ। ਇਨ੍ਹਾਂ ਬੱਚਿਆਂ ਨਾਲ ਪੰਜਾਬ ਦੇ ਅੰਮ੍ਰਿਤਸਰ ਅਤੇ ਗੁਜਰਾਤ ਤੇ ਹਰਿਆਣਾ ਦੇ ਵਿਦਿਆਰਥੀ ਵੀ ਫਸੇ ਹੋਏ ਹਨ। ਬੱਚਿਆਂ ਦੇ ਮਾਪਿਆਂ ਨੇ ਪ੍ਰਧਾਨ ਮੰਤਰੀ ਤੇ ਵਿਦੇਸ਼ ਮੰਤਰੀ ਤੋਂ ਮੰਗ ਕੀਤੀ ਹੈ ਕਿ ਉਹ ਨਿੱਜੀ ਦਿਲਚਸਪੀ ਲੈ ਕੇ ਵਿਦਿਆਰਥੀਆਂ ਦੀ ਸੁਰੱਖਿਅਤ ਘਰ ਵਾਪਸੀ ਲਈ ਸੰਭਵ ਯਤਨ ਕੀਤੇ ਜਾਣ।
ਬਲਾਚੌਰ (ਗੁਰਦੇਵ ਸਿੰਘ ਗਹੂੰਣ): ਬਲਾਚੌਰ ਬਲਾਕ ਦੇ ਪਿੰਡ ਨਿਆਣਾ ਬੇਟ ਦੇ ਦੋ ਸਕੇ ਭੈਣ-ਭਰਾ ਯੂਕਰੇਨ ਦੇ ਖਾਰਕੀਵ ਸ਼ਹਿਰ ਵਿੱਚ ਫਸ ਜਾਣ ਕਾਰਨ ਉਨ੍ਹਾਂ ਦੇ ਮਾਪਿਆਂ ਵੱਲੋਂ ਕੇਂਦਰ ਤੇ ਪੰਜਾਬ ਸਰਕਾਰ ਨੂੰ ਸੁਰੱਖਿਅਤ ਘਰ ਵਾਪਸੀ ਦੀ ਅਪੀਲ ਕੀਤੀ ਗਈ ਹੈ। ਨਿਆਣਾ ਬੇਟ ਵਾਸੀ ਰਸ਼ਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਲੜਕੀ ਕਾਜਲ ਤੇ ਲੜਕਾ ਸੋਹੇਬ ਸਿੰਘ ਐੱਮਬੀਬੀਐੱਸ ਦੀ ਪੜ੍ਹਾਈ ਲਈ ਯੂਕਰੇਨ ਦੇ ਖਾਰਕੀਵ ਗਏ ਸਨ ਪਰ ਇਸ ਸਮੇਂ ਉਹ ਬੜੇ ਔਖੇ ਹਾਲਾਤ ਵਿੱਚ ਬੰਕਰ ’ਚ ਰਹਿ ਰਹੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਲੜਕੀ ਕਾਜਲ ਐੱਮਬੀਬੀਐੱਸ ਦੇ ਆਖਰੀ ਛੇਵੇਂ ਸਾਲ ’ਚ ਹੈ, ਜਦਕਿ ਲੜਕਾ ਸੋਹੇਬ ਸਿੰਘ ਚੌਥੇ ਸਾਲ ’ਚ ਹੈ ਤੇ ਉਨ੍ਹਾਂ ਦੀ ਰਿਹਾਇਸ਼ ਇੱਕੋ ਜਗ੍ਹਾ ਹੈ ਅਤੇ ਦੋਵੇਂ ਇੱਕੋ ਕਾਲਜ ’ਚ ਪੜ੍ਹਦੇ ਹਨ। ਰਸ਼ਪਾਲ ਸਿੰਘ ਨੇ ਕੇਂਦਰ ਤੇ ਪੰਜਾਬ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਤੇ ਹੋਰ ਮਾਪਿਆਂ ਦੇ ਬੱਚਿਆਂ ਨੂੰ ਤੁਰੰਤ ਆਪਣੇ ਦੇਸ਼ ਲਿਆਂਦਾ ਜਾਵੇ।
ਤਪਾ ਦੇ ਵਿਦਿਆਰਥੀ ਬੰਕਰ ਵਿਚ ਰਹਿਣ ਲਈ ਮਜਬੂਰ
ਤਪਾ ਮੰਡੀ (ਪੱਤਰ ਪ੍ਰੇਰਕ): ਯੂਕਰੇਨ ਵਿਚ ਫਸੇ ਹੋਏ ਤਪਾ ਦੇ ਦੋ ਵਿਦਿਆਰਥੀ ਕੁੰਵਰ ਸ਼ਰਮਾ ਅਤੇ ਅਰਸ਼ਿਤ ਕੁਮਾਰ ਬੰਕਰਾਂ ’ਚ ਦਿਨ ਕਟੀ ਕਰ ਰਹੇ ਹਨ। ਤਪਾ ਦੇ ਇਹ ਵਿਦਿਆਰਥੀ ਯੂਕਰੇਨ ਵਿੱਚ ਡਾਕਟਰੀ ਦੀ ਪੜ੍ਹਾਈ ਕਰਨ ਗਏ ਹੋਏ ਸਨ। ਕੁੰਵਰ ਸ਼ਰਮਾ ਦੇ ਮਾਪਿਆਂ ਡਾ. ਧੀਰਜ ਸ਼ਰਮਾ ਅਤੇ ਡਾ. ਸੰਗੀਤਾ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਦਾ ਬੇਟਾ ਪਹਿਲਾਂ ਕਰੋਨਾ ਕਾਰਨ ਘਰ ਆ ਗਿਆ ਸੀ ਤੇ ਮੁੜ ਦਸੰਬਰ ’ਚ ਯੂਕਰੇਨ ਗਿਆ ਸੀ। ਕੁੰਵਰ ਨੇ ਫੋਨ ’ਤੇ ਦੱਸਿਆ ਕਿ ਭਾਰਤ ਸਰਕਾਰ ਬੇਸ਼ੱਕ ਭਾਰਤੀ ਵਿਦਿਆਰਥੀਆਂ ਨੂੰ ਹਵਾਈ ਰਾਸਤੇ ਵਾਪਸ ਬੁਲਾ ਰਹੀ ਪਰ ਉਸ ਦੀ ਵਾਰੀ ਪਤਾ ਨਹੀਂ ਕਦੋਂ ਆਵੇਗੀ। ਉਸ ਤੱਕ ਹਾਲੇ ਕੋਈ ਮਦਦ ਨਹੀਂ ਪਹੁੰਚੀ। ਉਸ ਕੋਲ ਖਾਣ-ਪੀਣ ਦਾ ਵੀ ਥੋੜ੍ਹਾ ਹੀ ਸਾਮਾਨ ਹੈ। ਇਸੇ ਤਰ੍ਹਾਂ ਅਰਸ਼ਿਤ ਕੁਮਾਰ ਦੇ ਪਿਤਾ ਬਿੱਟੂ ਢਿੱਲਵਾਂ ਨੇ ਵੀ ਭਾਰਤ ਸਰਕਾਰ ਤੋਂ ਮਦਦ ਦੀ ਮੰਗ ਕੀਤੀ ਹੈ।