ਗੁਰਨਾਮ ਸਿੰਘ ਚੌਹਾਨ
ਪਾਤੜਾਂ, 25 ਦਸੰਬਰ
ਇਥੇ ਜਾਖਲ ਰੋਡ ਉਤੇ ਪਿੰਡ ਮੌਲਵੀਵਾਲਾ ਅਤੇ ਹਾਮਝੇੜੀ ਦੇ ਨਜ਼ਦੀਕ ਸੜਕ ਹਾਦਸਿਆਂ ਵਿੱਚ ਔਰਤ ਸਮੇਤ ਤਿੰਨ ਦੀ ਮੌਤ ਹੋ ਗਈ ਹੈ, ਜਦੋਂ ਤਿੰਨ ਵਿਅਕਤੀ ਜ਼ਖ਼ਮੀ ਹੋਏ ਹਨ। ਪਿੰਡ ਹਾਮਝੇੜੀ ਕੋਲ ਡੇਰਾ ਸੱਚਾ ਸੌਦਾ ਸਿਰਸਾ ਦੇ ਨਾਮ ਚਰਚਾ ਘਰ ਨਜ਼ਦੀਕ ਪਿੰਡ ਕਲਵਾਨੂੰ ਦੀ ਔਰਤ ਆਪਣੇ ਰਿਸ਼ਤੇਦਾਰਾਂ ਨਾਲ ਮੋਟਰਸਾਈਕਲ ਉੱਤੇ ਦਵਾਈ ਲੈਣ ਜਾ ਰਹੀ ਸੀ ਕਿ ਪਿੱਛੋਂ ਟਰਾਲੇ ਨੇ ਟੱਕਰ ਮਾਰੀ ਤੇ ਫ਼ਰਾਰ ਹੋ ਗਿਆ। ਹਾਦਸੇ ਵਿੱਚ ਬਿਮਲਾ ਦੇਵੀ (52) ਦੀ ਮੌਕੇ ਉਤੇ ਮੌਤ ਹੋ ਗਈ। ਹਾਦਸੇ ਮਗਰੋਂ ਜਾਖਲ ਤੋਂ ਪਾਤੜਾਂ ਵੱਲ ਜਾ ਰਹੇ ਇਕ ਹੋਰ ਟਰਾਲੇ ਦੇ ਡਰਾਈਵਰ ਅਤੇ ਕਲੀਨਰ ਨੇ ਕੋਲੋਂ ਲੰਘਦੇ ਮੋਟਰਸਾਈਕਲ ਸਵਾਰ ਕੋਲੋਂ ਲਿਫਟ ਲੈ ਕੇ ਫ਼ਰਾਰ ਹੋਏ ਟਰਾਲੇ ਨੂੰ ਪਿੰਡ ਮੌਲਵੀਵਾਲਾ ਦੇ ਨਜ਼ਦੀਕ ਘੇਰ ਕੇ ਰੋਕ ਲਿਆ। ਦੋਵੇਂ ਧਿਰਾਂ ਆਪਸ ਵਿਚ ਬਹਿਸ ਰਹੀਆਂ ਸਨ ਤਾਂ ਪਿੱਛੋਂ ਇਕ ਹੋਰ ਟਰਾਲਾ ਉਨ੍ਹਾਂ ਨਾਲ ਟਕਰਾ ਗਿਆ, ਜਿਸ ਨਾਲ ਅੱਗੇ ਖੜ੍ਹੇ ਤਿੰਨੋਂ ਵਿਅਕਤੀ ਲਪੇਟ ਵਿੱਚ ਆ ਗਏ। ਹਾਦਸੇ ਵਿੱਚ ਦੋ ਵਿਅਕਤੀਆਂ ਦੀ ਮੌਕੇ ਉੱਤੇ ਮੌਤ ਹੋ ਗਈ, ਜਦੋਂਕਿ ਤਿੰਨ ਜ਼ਖ਼ਮੀ ਹੋ ਗਏ।