ਜੈਸਮੀਨ ਭਾਰਦਵਾਜ
ਨਾਭਾ, 17 ਨਵੰਬਰ
ਇੱਥੋਂ ਨੇੜਲੇ ਪਿੰਡ ਚੱਠੇ ਦੇ ਇਕ ਘਰ ਵਿਚ ਅੱਜ ਚਾਰ ਅਣਪਛਾਤਿਆਂ ਨੇ ਜਬਰੀ ਦਾਖ਼ਲ ਹੋ ਕੇ ਪਿਸਤੌਲ ਦਿਖਾ ਕੇ ਨਗ਼ਦੀ ਤੇ ਸੋਨਾ ਲੁੱਟ ਲਿਆ। ਕਰੀਬ 15 ਮਿੰਟ ਵਿਚ ਲੁਟੇਰੇ ਦੋ ਲੱਖ ਰੁਪਏ ਅਤੇ ਤਕਰੀਬਨ 25 ਤੋਲੇ ਸੋਨਾ ਲੈ ਕੇ ਫਰਾਰ ਹੋ ਗਏ। ਵੇਰਵਿਆਂ ਮੁਤਾਬਕ ਸਵੇਰੇ ਕਰੀਬ 6 ਵਜੇ ਚਾਰ ਵਿਅਕਤੀ ਬਲਵੰਤ ਸਿੰਘ ਦੇ ਘਰ ਦਾਖਲ ਹੋਏ ਤੇ ਨੌਕਰ ਨੂੰ ਬੰਨ੍ਹ ਦਿੱਤਾ। ਉਨ੍ਹਾਂ ਬਲਵੰਤ ਸਿੰਘ ਦੀ ਪਤਨੀ ਉੱਪਰ ਪਿਸਤੌਲ ਤਾਣ ਦਿੱਤਾ ਤੇ ਗੋਲੀ ਮਾਰਨ ਦੀ ਧਮਕੀ ਦਿੰਦੇ ਹੋਏ ਅਲਮਾਰੀਆਂ ਦਾ ਸਾਮਾਨ ਕੱਢ ਕੇ ਬਾਹਰ ਸੁੱਟ ਲਿਆ। ਬਲਵੰਤ ਸਿੰਘ ਲੱਤ ਦੀ ਹੱਡੀ ਟੁੱਟੇ ਹੋਣ ਕਾਰਨ ਆਪ ਬਿਸਤਰ ’ਤੇ ਹੀ ਸਨ। ਬਜ਼ੁਰਗ ਜੋੜਾ ਖੇਤਾਂ ਵਿਚ ਸਥਿਤ ਮਕਾਨ ’ਚ ਨੌਕਰ ਨਾਲ ਰਹਿੰਦਾ ਹੈ ਅਤੇ ਬੱਚੇ ਵਿਦੇਸ਼ ’ਚ ਹਨ। ਬਲਵੰਤ ਸਿੰਘ ਨੇ ਦੱਸਿਆ ਕਿ ਉਸ ਦੀ ਵਿਆਹੀ ਹੋਈ ਬੇਟੀ ਕੁਝ ਸਮਾਂ ਪਹਿਲਾਂ ਵਿਦੇਸ਼ ਜਾਂਦੇ ਹੋਏ ਆਪਣਾ ਸੋਨਾ ਉਨ੍ਹਾਂ ਨੂੰ ਸੰਭਾਲਣ ਲਈ ਦੇ ਗਈ ਸੀ। ਨੌਕਰ ਪਾਖਰ ਸਿੰਘ ਨੇ ਦੱਸਿਆ ਕਿ ਉਹ ਕੋਈ ਕੰਮ ਕਰ ਰਿਹਾ ਸੀ ਤੇ ਚਾਰ ਅਣਪਛਾਤੇ ਵਿਅਕਤੀਆਂ ਨੇ ਉਸ ਉੱਪਰ ਹਮਲਾ ਕਰ ਦਿੱਤਾ ਤੇ ਬੰਧਕ ਬਣਾ ਲਿਆ। ਉਨ੍ਹਾਂ ਗੋਲੀ ਮਾਰਨ ਦੀ ਧਮਕੀ ਦਿੱਤੀ ਤੇ ਘਰ ਦੇ ਅੰਦਰ ਚਲੇ ਗਏ। ਪੁਲੀਸ ਨੇ ਕੇਸ ਦਰਜ ਕਰ ਲਿਆ ਹੈ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਐੱਸਪੀ (ਡੀ) ਹਰਮਿੰਦਰ ਸਿੰਘ ਹੁੰਦਲ ਨੇ ਕਿਹਾ ਕਿ ਮੁਲਜ਼ਮਾਂ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।