ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 2 ਨਵੰਬਰ
ਬੰਦੀ ਛੋੜ ਦਿਵਸ ਅਤੇ ਦੀਵਾਲੀ ਮੌਕੇ ਦਰਬਾਰ ਸਾਹਿਬ ਅਤੇ ਇਸ ਦੇ ਆਲੇ-ਦੁਆਲੇ ਨੂੰ ਪ੍ਰਦੂਸ਼ਣ ਦੀ ਮਾਰ ਤੋਂ ਬਚਾਉਣ ਲਈ ਸ਼੍ਰੋਮਣੀ ਕਮੇਟੀ ਵੱਲੋਂ ਇਸ ਵਾਰ ਦਰਬਾਰ ਸਾਹਿਬ ਸਮੂਹ ਵਿੱਚ ਰਵਾਇਤੀ ਆਤਿਸ਼ਬਾਜ਼ੀ ਚਲਾਉਣ ਦਾ ਸਮਾਂ ਘੱਟ ਕਰਨ ਅਤੇ ਵਾਤਾਵਰਨ ਪੱਖੀ ਵਿਸ਼ੇਸ਼ ਆਤਿਸ਼ਬਾਜ਼ੀ ਦਾ ਪ੍ਰਬੰਧ ਕਰਨ ਦਾ ਫੈਸਲਾ ਕੀਤਾ ਗਿਆ ਹੈ।
ਸ਼੍ਰੋਮਣੀ ਕਮੇਟੀ ਵੱਲੋਂ ਇਥੇ ਮਨਾਏ ਜਾਂਦੇ ਬੰਦੀ ਛੋੜ ਦਿਵਸ ਅਤੇ ਦੀਵਾਲੀ ਮੌਕੇ ਆਤਿਸ਼ਬਾਜ਼ੀ ਦਾ ਪ੍ਰਦਰਸ਼ਨ ਵਿਸ਼ੇਸ਼ ਖਿੱਚ ਦਾ ਕੇਂਦਰ ਹੁੰਦਾ ਹੈ, ਜਿਸ ਨੂੰ ਦੇਖਣ ਲਈ ਦੂਰ-ਦੁਰਾਡੇ ਤੋਂ ਸੰਗਤ ਪੁੱਜਦੀ ਹੈ। ਇਹ ਰਵਾਇਤ ਲਗਪਗ ਦੋ ਸਦੀਆਂ ਪਹਿਲਾਂ ਸ਼ੁਰੂ ਹੋਈ ਸੀ, ਜੋ ਅੱਜ ਵੀ ਬਾਦਸਤੂਰ ਚੱਲ ਰਹੀ ਹੈ। ਆਤਿਸ਼ਬਾਜ਼ੀ ਅਤੇ ਹੋਰ ਕਈ ਕਾਰਨਾਂ ਕਰਕੇ ਇੱਥੇ ਮਾੜਾ ਅਸਰ ਹੋਇਆ ਸੀ, ਜਿਸ ਦਾ ਉੱਚ ਅਦਾਲਤ ਵੱਲੋਂ ਸਵੈ ਨੋਟਿਸ ਲਿਆ ਗਿਆ ਸੀ। ਇਸ ਤੋਂ ਬਾਅਦ ਕੇਂਦਰੀ ਅਤੇ ਸੂਬਾਈ ਪ੍ਰਦੂਸ਼ਣ ਰੋਕਥਾਮ ਬੋਰਡ ਵੱਲੋਂ ਸਰਵੇਖਣ ਕਰਵਾਇਆ ਗਿਆ ਸੀ ਅਤੇ ਪ੍ਰਦੂਸ਼ਣ ਦੇ ਕਾਰਨਾਂ ਦਾ ਪਤਾ ਕਰਕੇ ਰੋਕਥਾਮ ਲਈ ਯਤਨ ਸ਼ੁਰੂ ਕੀਤੇ ਗਏ ਸਨ। ਇਸ ਤਹਿਤ ਇੱਥੇ ਪ੍ਰਦੂਸ਼ਣ ਮਾਪਣ ਵਾਲਾ ਸਥਾਈ ਯੰਤਰ ਵੀ ਸਥਾਪਤ ਕੀਤਾ ਗਿਆ ਹੈ।
ਦੀਵਾਲੀ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਦਰਬਾਰ ਸਾਹਿਬ ਸਮੂਹ ਵਿੱਚ ਲਗਪਗ ਅੱਧਾ ਘੰਟਾ ਆਤਿਸ਼ਬਾਜ਼ੀ ਕੀਤੀ ਜਾਂਦੀ ਹੈ ਪਰ 2017 ਤੋਂ ਬਾਅਦ ਇਹ ਸਮਾਂ ਘੱਟ ਕਰ ਕੇ 15 ਤੋਂ 20 ਮਿੰਟ ਕਰ ਦਿੱਤਾ ਗਿਆ ਹੈ। ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਹਰਜਿੰਦਰ ਸਿੰਘ ਧਾਮੀ ਨੇ ਆਖਿਆ ਕਿ ਪ੍ਰਦੂਸ਼ਣ ਰੋਕਥਾਮ ਨੂੰ ਧਿਆਨ ਵਿਚ ਰੱਖਦਿਆਂ ਹੁਣ ਆਤਿਸ਼ਬਾਜ਼ੀ ਸਿਰਫ ਸੰਕੇਤਕ ਹੀ ਰਹਿ ਗਈ ਹੈ। ਇਸ ਵਾਰ 10 ਤੋਂ 12 ਮਿੰਟ ਲਈ ਵਿਸ਼ੇਸ਼ ਆਤਿਸ਼ਬਾਜ਼ੀ ਦਾ ਪ੍ਰਬੰਧ ਕੀਤਾ ਗਿਆ, ਜਿਸ ਨਾਲ ਘੱਟੋ-ਘੱਟ ਆਵਾਜ਼ ਤੇ ਹਵਾ ਪ੍ਰਦੂਸ਼ਣ ਹੋਵੇਗਾ।
ਸ਼੍ਰੋਮਣੀ ਕਮੇਟੀ ਵਲੋਂ ਇੱਥੇ ਹਰਿਮੰਦਰ ਸਾਹਿਬ ਵਿਖੇ ਹੁੰਦੀ ਰਿਵਾਇਤੀ ਦੀਪਮਾਲਾ ਦਾ ਰੁਝਾਨ ਵੀ ਖਤਮ ਕਰ ਦਿੱਤਾ ਗਿਆ ਹੈ, ਇਸ ਨਾਲ ਇਥੇ ਲੱਗੇ ਸੋਨੇ ਦੇ ਪਤਰਿਆਂ ’ਤੇ ਮਾੜਾ ਪ੍ਰਭਾਵ ਪੈਂਦਾ ਸੀ। ਹੁਣ ਸਮੁੱਚੇ ਕੈਂਪਸ ਵਿਚ ਹੀ ਅਤਿ ਆਧੁਨਿਕ ਲਾਈਟਾਂ ਲਾਈਆਂ ਜਾ ਚੁੱਕੀਆਂ ਹਨ।
ਪ੍ਰਸ਼ਾਸਨ ਵੱਲੋਂ ‘ਗਰੀਨ ਪਟਾਕੇ’ ਚਲਾਉਣ ਦੀ ਹਦਾਇਤ
ਜ਼ਿਲਾ ਪ੍ਰਸ਼ਾਸਨ ਨੇ ਪ੍ਰਦੂਸ਼ਣ ਰੋਕਥਾਮ ਨੂੰ ਧਿਆਨ ਵਿਚ ਰੱਖਦਿਆਂ ਇਸ ਵਾਰ ‘ਗਰੀਨ ਪਟਾਕਿਆਂ’ ਦੀ ਵਰਤੋਂ ਕਰਨ ਦੀ ਹਦਾਇਤ ਕੀਤੀ ਹੈ। ਪ੍ਰਸ਼ਾਸਨ ਨੇ ਇਸ ਸਬੰਧੀ ਬੰਦੀ ਛੋੜ ਦਿਵਸ ਅਤੇ ਹੋਰ ਗੁਰਪੁਰਬਾਂ ਸਮੇਤ ਕ੍ਰਿਸਮਿਸ ਤੇ ਨਵਾਂ ਸਾਲ ਮੌਕੇ ਵੀ ਇਹ ਹੀ ਗਰੀਨ ਪਟਾਕੇ ਚਲਾਉਣ ਲਈ ਆਖਿਆ ਹੈ। ਇਹ ਪਟਾਕੇ ਵੱਖ-ਵੱਖ ਤਰ੍ਹਾਂ ਦੀਆਂ ਘਾਤਕ ਗੈਸਾਂ ਤੋਂ ਰਹਿਤ ਹੋਣਗੇ।