ਖੇਤਰੀ ਪ੍ਰਤੀਨਿਧ
ਪਟਿਆਲਾ, 17 ਅਗਸਤ
ਭਾਰਤ ਸਰਕਾਰ ਦੇ ਸਮਾਜਿਕ ਨਿਆਂ ਅਤੇ ਦਿਵਿਆਂਗ ਵਿਅਕਤੀਆਂ ਦੇ ਸਸ਼ਕਤੀਕਰਨ ਮੰਤਰਾਲੇ ਵੱਲੋਂ 24.15 ਲੱਖ ਰੁਪਏ ਖਰਚ ਕਰ ਕੇ ‘ਸੁਣਨ ਤੋਂ ਅਸਮਰੱਥ ਲੋਕਾਂ ਲਈ ਆਈ.ਐਸ.ਐਲ. ਸਿੰਥੈਟਿਕ ਐਨੀਮੇਸ਼ਨ ਦੀ ਮਦਦ ਨਾਲ ਰੇਲਵੇ ਸਟੇਸ਼ਨਾਂ ਲਈ ਅਨਾਊਂਸਮੈਂਟ ਪ੍ਰਣਾਲੀ ਦਾ ਵਿਕਾਸ’ ਨਾਮੀਂ ਇੱਕ ਪ੍ਰਾਜੈਕਟ ਲਿਆਂਦਾ ਜਾ ਰਿਹਾ ਹੈ। ਵਿਸ਼ਵ ਭਰ ਵਿੱਚ ਆਪਣੀ ਕਿਸਮ ਦੇ ਇਸ ਪਲੇਠੇ ਪ੍ਰਾਜੈਕਟ ਦਾ ਕੰਮ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ ਸੌਂਪਿਆ ਗਿਆ ਹੈ। ਯੂਨੀਵਰਸਿਟੀ ਦੇ ਵੀ ਸੀ ਪ੍ਰੋ. ਅਰਵਿੰਦ ਨੇ ਦੱਸਿਆ ਕਿ ਮੰਤਰਾਲੇ ਵੱਲੋਂ ਇਸ ਪ੍ਰਾਜੈਕਟ ਦੀ ਜ਼ਿੰਮੇਵਾਰੀ ਡਾ. ਵਿਸ਼ਾਲ ਗੋਇਲ (ਪ੍ਰੋਫ਼ੈਸਰ ਕੰਪਿਊਟਰ ਸਾਇੰਸ ਵਿਭਾਗ) ਅਤੇ ਡਾ. ਲਲਿਤ ਗੋਇਲ ਨੂੰ ਸੌਂਪੀ ਗਈ ਹੈ। ਇਸ ਪ੍ਰਣਾਲੀ ਦਾ ਪਹਿਲਾ ਸੰਸਕਰਣ ਪਹਿਲਾਂ ਹੀ ਜਾਰੀ ਕੀਤਾ ਜਾ ਚੁੱਕਾ ਹੈ। ਇਹ ਇੱਕ ਨਿਰੰਤਰ ਚੱਲ ਰਿਹਾ ਪ੍ਰਾਜੈਕਟ ਹੈ। ਇਸ ਟੀਮ ’ਚ ਜਿਤੇਸ਼ ਪੁਬਰੇਜਾ ਨੂੰ ਕੰਪਿਊਟਰ ਪ੍ਰੋਗਰਾਮਰ ਵਜੋਂ ਅਤੇ ਸੌਰਭ ਸਿੰਘ ਨੂੰ ਆਈਐਸਐਲ ਇੰਟਰਪ੍ਰੇਟਰ ਕਮ ਸਾਈਨਰ ਵਜੋਂ ਸ਼ਾਮਲ ਕਰ ਲਿਆ ਗਿਆ ਹੈ। ਪ੍ਰਾਜੈਕਟ ਮੁਕੰਮਲ ਹੋਣ ਮਗਰੋਂ ਸਿਸਟਮ ਨੂੰ ਡਿਸਪਲੇਅ ਸਕਰੀਨਾਂ ਦੀ ਵਰਤੋਂ ਨਾਲ ਰੇਲਵੇ ਸਟੇਸ਼ਨਾਂ ‘ਤੇ ਲਾਗੂ ਕਰਨ ਦਾ ਪ੍ਰਸਤਾਵ ਦਿੱਤਾ ਜਾਵੇਗਾ।