ਬਹਾਦਰਜੀਤ ਸਿੰਘ
ਰੂਪਨਗਰ, 24 ਸਤੰਬਰ
ਨਗਰ ਕੌਂਸਲ ਰੂਪਨਗਰ ਵੱਲੋਂ ਸ਼ਹਿਰ ਅੰਦਰ 125 ਗਜ਼ ਤੱਕ ਦੇ ਪਲਾਟਾਂ ਦੇ ਪਾਣੀ ਤੇ ਸੀਵਰੇਜ ਦੇ ਬਿੱਲ ਮੁਆਫ਼ ਕਰਨ ਸਬੰਧੀ ਪਾਸ ਕੀਤੇ ਗਏ ਮਤੇ ਬਾਰੇ ਕਾਰਜਸਾਧਕ ਅਫ਼ਸਰ ਦੀ ਟਿੱਪਣੀ ਨੂੰ ਲੈ ਕੇ ਹੰਗਾਮਾ ਹੋਇਆ।
ਜ਼ਿਕਰਯੋਗ ਹੈ ਕਿ ਨਗਰ ਕੌਂਸਲ ਦੀ ਪਿੱਛਲੀ ਮੀਟਿੰਗ ਦੌਰਾਨ ਕੌਂਸਲ ਪ੍ਰਧਾਨ ਸੰਜੈ ਵਰਮਾ ਵੱਲੋਂ ਪੇਸ਼ ਕੀਤੇ ਟੇਬਲ ਏਜੰਟੇ ’ਤੇ ਕੌਂਸਲ ਦੇ ਹਾਊਸ ਨੇ ਸਰਬਸੰਮਤੀ ਨਾਲ 125 ਗਜ਼ ਤੱਕ ਦੇ ਪਲਾਟਾਂ ਦੇ ਪਾਣੀ ਅਤੇ ਸੀਵਰੇਜ ਦੇ ਬਿੱਲ ਮੁਆਫ਼ ਕਰਨ ਸਬੰਧੀ ਮਤਾ ਪਾਸ ਕਰ ਕੇ ਸਰਕਾਰ ਕੋਲ ਪ੍ਰਵਾਨਗੀ ਲਈ ਭੇਜ ਦਿੱਤਾ ਗਿਆ ਸੀ। ਅੱਜ ਮੀਟਿੰਗ ਦੌਰਾਨ ਕਾਂਗਰਸੀ ਕੌਂਸਲਰ ਪੋਮੀ ਸੋਨੀ ਨੇ ਮੁੜ ਇਹ ਮੁੱਦਾ ਉਠਾਉਂਦਿਆਂ ਇਸ ਮਤੇ ਸਬੰਧੀ ਕਾਰਗੁਜ਼ਾਰੀ ਬਾਰੇ ਸਵਾਲ ਕੀਤਾ। ਇਸ ’ਤੇ ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਭਜਨ ਚੰਦ ਨੇ ਦੱਸਿਆ ਕਿ ਏਡੀਸੀ (ਅਰਬਨ) ਨੇ ਇਸ ਮਤੇ ’ਤੇ ਸਰਕਾਰ ਦੀਆਂ ਹਦਾਇਤਾਂ ਅਤੇ ਨਿਯਮਾਂ ਅਨੁਸਾਰ ਕਾਰਵਾਈ ਕਰਨ ਦੀ ਗੱਲ ਕਹੀ ਹੈ। ਇਸ ਸਬੰਧੀ ਕਾਨੂੰਨੀ ਸਲਾਹਕਾਰ (ਐੱਲਏ) ਦੀ ਰਾਇ ਲਈ ਜਾ ਰਹੀ ਹੈ ਜੋ ਕਿ ਹਫ਼ਤੇ ਦੇ ਅੰਦਰ ਮਿਲ ਜਾਵੇਗੀ। ਕਾਂਗਰਸੀ ਕੌਂਸਲਰ ਅਸ਼ੋਕ ਵਾਹੀ ਦੇ ਸਵਾਲ ’ਤੇ ਕਾਰਜਸਾਧਕ ਅਫ਼ਸਰ ਵੱਲੋਂ ਦਿੱਤੇ ਜਵਾਬ ’ਤੇ ਮੀਟਿੰਗ ਵਿਚ ਰੌਲਾ ਪੈਂਦਾ ਰਿਹਾ। ਮੀਟਿੰਗ ਦੌਰਾਨ ਅਕਾਲੀ ਕੌਂਸਲਰ ਇਕਬਾਲ ਕੌਰ ਮੱਕੜ ਤੇ ਕੌਂਸਲਰ ਚਰਨਜੀਤ ਕੌਰ ਨੇ ਫੀਸਾਂ ’ਚ ਵਾਧੇ ਦਾ ਵਿਰੋਧ ਕੀਤਾ। ਮੀਟਿੰਗ ਦੌਰਾਨ ਵਿਕਾਸ ਕਾਰਜ ਦੇ ਤਖਮੀਨਿਆਂ ਸਬੰਧੀ ਮਦ ’ਤੇ ਅਸ਼ੋਕ ਵਾਹੀ ਨੇ ਇਤਰਾਜ਼ ਕੀਤਾ।