ਆਤਿਸ਼ ਗੁਪਤਾ
ਚੰਡੀਗੜ੍ਹ, 23 ਜੁਲਾਈ
ਪੰਜਾਬ ਸਰਕਾਰ ਵੱਲੋਂ ਸੂਬੇ ਦੇ ਹਰ ਜ਼ਿਲ੍ਹੇ ਤੋਂ ਨਵੀਂ ਦਿੱਲੀ ਸਥਿਤ ਇੰਦਰਾ ਗਾਂਧੀ ਇੰਟਰਨੈਸ਼ਨਲ ਹਵਾਈ ਅੱਡੇ ਲਈ ਸ਼ੁਰੂ ਕੀਤੀ ਵੋਲਵੋ ਬੱਸ ਸੇਵਾ ਨੂੰ ਪਹਿਲੇ ਮਹੀਨੇ ਹੀ ਲੀਹ ਤੋਂ ਉਤਰਦੀ ਨਜ਼ਰ ਆ ਰਹੀ ਹੈ। ਪੰਜਾਬ ਦੇ ਟਰਾਂਸਪੋਰਟ ਵਿਭਾਗ ਨੇ ਰੋਪੜ ਤੋਂ ਨਵੀਂ ਦਿੱਲੀ ਹਵਾਈ ਅੱਡੇ ਲਈ ਸ਼ੁਰੂ ਕੀਤੀ ਬੱਸ ਸੇਵਾ ਨੂੰ ਇਕ ਮਹੀਨੇ ਬਾਅਦ ਬੰਦ ਕਰ ਦਿੱਤਾ ਹੈ। ਹੁਣ ਇਹ ਬੱਸ ਰੋਪੜ ਦੀ ਥਾਂ ਚੰਡੀਗੜ੍ਹ ਤੋਂ ਚਾਲੂ ਕਰ ਦਿੱਤੀ ਹੈ, ਜਦਕਿ ਚੰਡੀਗੜ੍ਹ ਤੋਂ ਪਹਿਲਾਂ ਹੀ ਬੱਸਾਂ ਦਿੱਲੀ ਏਅਰ ਪੋਰਟ ਲਈ ਜਾ ਰਹੀਆਂ ਹਨ। ਬੱਸ ਬੰਦ ਹੋਣ ਕਾਰਨ ਲੋਕਾਂ ਨੂੰ ਭਾਰੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਪੰਜਾਬ ਰੋਡਵੇਜ਼ ਦੇ ਜਨਰਲ ਮੈਨੇਜਰ ਪਰਮਵੀਰ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਦਿਸ਼ਾਂ ਨਿਰਦੇਸ਼ਾਂ ’ਤੇ ਰੋਪੜ ਤੋਂ ਦਿੱਲੀ ਹਵਾਈ ਅੱਡੇ ਲਈ ਬੱਸ ਸੇਵਾ ਸ਼ੁਰੂ ਕੀਤੀ ਗਈ ਸੀ, ਪਰ ਉਕਤ ਸੇਵਾ ਨੂੰ ਬਹੁਤਾ ਹੁੰਗਾਰਾ ਨਾ ਮਿਲਣ ਕਾਰਨ ਬੰਦ ਕਰ ਦਿੱਤਾ ਹੈ।
ਉਨ੍ਹਾਂ ਦੱਸਿਆ ਕਿ ਇਸ ਬੱਸ ਵਿੱਚ ਇਕ ਮਹੀਨੇ ’ਚ ਰੋਪੜ ਤੋਂ ਦਿੱਲੀ ਤੱਕ 42 ਅਤੇ ਦਿੱਲੀ ਤੋਂ ਰੋਪੜ ਤੱਕ ਸਿਰਫ਼ 8 ਸਵਾਰੀਆਂ ਨੇ ਹੀ ਸਫ਼ਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਰੋਡਵੇਜ਼ ਨੂੰ ਵਿੱਤੀ ਤੌਰ ’ਤੇ ਭਾਰੀ ਨੁਕਸਾਨ ਝੱਲਣਾ ਪੈ ਰਿਹਾ ਸੀ। ਉਨ੍ਹਾਂ ਦੱਸਿਆ ਕਿ ਚੰਡੀਗੜ੍ਹ ਤੋਂ ਸਵਾਰੀਆਂ ਵੱਧ ਹੋਣ ਕਰਕੇ ਰੋਪੜ ਵਾਲੀ ਬੱਸ ਨੂੰ ਚੰਡੀਗੜ੍ਹ ਤੋਂ ਦਿੱਲੀ ਹਵਾਈ ਅੱਡੇ ਲਈ ਸ਼ੁਰੂ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ 15 ਜੂਨ ਨੂੰ ਜਲੰਧਰ ਤੋਂ ਦਿੱਲੀ ਹਵਾਈ ਅੱਡੇ ਲਈ ਵੋਲਵੋ ਬੱਸ ਸੇਵਾ ਸ਼ੁਰੂ ਕੀਤੀ ਸੀ।
ਬੱਸ ਸੇਵਾ ਬੰਦ ਹੋਣ ਬਾਰੇ ਮੈਨੂੰ ਨਹੀਂ ਜਾਣਕਾਰੀ: ਲਾਲ ਜੀਤ ਭੁੱਲਰ
ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਉਨ੍ਹਾਂ ਕੋਲ ਬੱਸ ਸੇਵਾ ਬੰਦ ਹੋਣ ਸਬੰਧੀ ਕੋਈ ਜਾਣਕਾਰੀ ਨਹੀਂ ਹੈ ਅਤੇ ਉਹ ਅਧਿਕਾਰੀਆਂ ਨਾਲ ਗੱਲਬਾਤ ਕਰਨਗੇ। ਉਨ੍ਹਾਂ ਕਿਹਾ ਕਿ ਵਿਭਾਗ ਦੇ ਅਧਿਕਾਰੀਆਂ ਨਾਲ ਗੱਲਬਾਤ ਤੋਂ ਬਾਅਦ ਬੱਸ ਸੇਵਾ ਬਾਰੇ ਮੁੜ ਵਿਚਾਰ ਕੀਤਾ ਜਾਵੇਗਾ।