ਇਕਬਾਲ ਸਿੰਘ ਸ਼ਾਂਤ
ਡੱਬਵਾਲੀ, 8 ਫਰਵਰੀ
ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਸੰਘਰਸ਼ ਨੂੰ ਦੇਸ਼ ਦੇ ਹਰੇਕ ਕੋਨੇ ’ਚ ਭਖਾਉਣ ਲਈ ਕਿਸਾਨ ਆਗੂ ਦੇਸ਼ ਦੇ ਵੱਖ-ਵੱਖ ਹਿੱਸਿਆਂ ’ਚ ਲਾਮਬੰਦੀ ਕਰ ਰਹੇ ਹਨ। ਰਾਜਸਥਾਨ ਦੌਰੇ ’ਤੇ ਨਿਕਲੇ ਹਰਿਆਣਵੀ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਅੱਜ ਖੂਈਆਂ ਮਲਕਾਣਾ ਟੌਲ ਪਲਾਜ਼ਾ ’ਤੇ ਕਿਸਾਨ ਧਰਨੇ ’ਤੇ ਰੁਕੇ ਤੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰ ਸਮੁੱਚਾ ਕੰਮਕਾਜ ਨਿੱਜੀ ਕੰਪਨੀਆਂ ਦੇ ਵੱਸ ਪਾ ਰਹੀ ਹੈ। ਕਿਸਾਨ ਅਤੇ ਆਮ ਲੋਕ ਸਿਰਫ਼ ਮਜ਼ਦੂਰ ਬਣ ਕੇ ਰਹਿ ਜਾਣਗੇ ਅਤੇ ਉਜਰਤ ਵੀ ਬਹੁਤ ਘੱਟ ਮਿਲਿਆ ਕਰੇਗੀ। ਉਨ੍ਹਾਂ ਆਖਿਆ ਕਿ ਰੁਜ਼ਗਾਰ ਅਤੇ ਵਜੂਦ ਬਚਾਉਣ ਦੀ ਇਹ ਲੜਾਈ ਸਭ ਨੂੰ ਲੜਨੀ ਪਵੇਗੀ, ਹੁਣ ਜ਼ਿੰਦਾ ਰਹਿਣ ਲਈ ਕੋਈ ਹੋਰ ਚਾਰਾ ਨਹੀਂ ਹੈ। ਉਨ੍ਹਾਂ ਕਿਹਾ ਕਿ ਇਹ ਲੜਾਈ ਸ਼ੌਕ ਨਾਲ ਨਹੀਂ, ਸਗੋਂ ਮਜਬੂਰੀ ’ਚ ਲੜ ਰਹੇ ਹਨ। ਸ੍ਰੀ ਚੜੂਨੀ ਨੇ ਕਿਹਾ ਕਿ ਕਿਸਾਨਾਂ ਮੂਹਰੇ ਰੁਜ਼ਗਾਰ ਦਾ ਮੁੱਖ ਸੁਆਲ ਹੈ, ਜਿਸ ਨੂੰ ਬਚਾਉਣਾ ਹੀ ਮੁੱਖ ਮਕਸਦ ਹੈ। ਕਿਸਾਨਾਂ ਕੋਲ ਪਹਿਲੀ ਚੀਜ਼ ਫ਼ਸਲ ਅਤੇ ਦੂਸਰੀ ਮਿਹਨਤ-ਮਜ਼ਦੂਰੀ ਹੈ। ਉਨ੍ਹਾਂ ਕਿਸਾਨਾਂ ਨੂੰ ਸੰਘਰਸ਼ ’ਚ ਹਿੰਮਤ ਅਤੇ ਹੌਸਲੇ ਨਾਲ ਡਟੇ ਰਹਿਣ ਦਾ ਸੱਦਾ ਦਿੱਤਾ।
‘ਪ੍ਰਧਾਨ ਮੰਤਰੀ ਕਿਸਾਨਾਂ ਨੂੰ ਗੱਲਬਾਤ ਲਈ ਸੱਦਣ’
ਚੰਡੀਗੜ੍ਹ (ਟਨਸ): ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬਿਆਨ ’ਤੇ ਕਿਹਾ ਕਿ ਜੇ ਪ੍ਰਧਾਨ ਮੰਤਰੀ ਕਿਸਾਨਾਂ ਨਾਲ ਗੱਲਬਾਤ ਲਈ ਤਿਆਰ ਹਨ ਤਾਂ ਉਹ ਕਿਸਾਨਾਂ ਨੂੰ ਬੁਲਾ ਲੈਣ। ਉਨ੍ਹਾਂ ਕਿਹਾ ਕਿ 11 ਦੌਰ ਦੀਆਂ ਮੀਟਿੰਗਾਂ ਵਿੱਚ ਸਰਕਾਰ ਕੋਈ ਹੱਲ ਨਹੀਂ ਕੱਢ ਸਕੀ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਮੰਗ ਹੈ ਕਿ ਤਿੰਨੋਂ ਖੇਤੀ ਕਾਨੂੰਨ ਰੱਦ ਕੀਤੇ ਜਾਣ ਅਤੇ ਜਦੋਂ ਤੱਕ ਤਿੰਨੇ ਕਾਨੂੰਨ ਰੱਦ ਨਹੀਂ ਹੋਣਗੇ ਉਸ ਸਮੇਂ ਤੱਕ ਉਹ ਘਰ ਵਾਪਸੀ ਨਹੀਂ ਕਰਨਗੇ।