ਪਾਲ ਸਿੰਘ ਨੌਲੀ
ਜਲੰਧਰ, 6 ਜੂਨ
ਘੱਲੂਘਾਰਾ ਦਿਵਸ ਮੌਕੇ ਪੁਲੀਸ ਵੱਲੋਂ ਲਾਏ ਗਏ ਹਾਈਟੈਕ ਨਾਕੇ ਨੂੰ ਤੋੜਦੇ ਹੋਏ ਨੌਜਵਾਨ ਨੇ ਆਪਣੀ ਕਾਰ ਨਾਕੇ ’ਤੇ ਖੜ੍ਹੇ ਸਬ ਇੰਸਪੈਕਟਰ ਠਾਕਰ ਸਿੰਘ ’ਤੇ ਚੜ੍ਹਾ ਦਿੱਤੀ। ਕਾਰ ਵਿਚ ਸਵਾਰ ਨੌਜਵਾਨ ਨੇ ਪੁਲੀਸ ਦੀ ਗੱਡੀ ਨੂੰ ਵੀ ਟੱਕਰ ਮਾਰੀ ਤੇ ਉਥੋਂ ਤੇਜ਼ ਰਫਤਾਰ ਨਾਲ ਫ਼ਰਾਰ ਹੋ ਗਿਆ। ਪੁਲੀਸ ਵੱਲੋਂ ਟੱਕਰ ਮਾਰਨ ਵਾਲੇ ਨੌਜਵਾਨ ਦੀ ਗੱਡੀ ਦਾ ਜਦੋਂ ਪਿੱਛਾ ਕੀਤਾ ਜਾ ਰਿਹਾ ਸੀ ਤਾਂ ਉਸ ਨੇ ਮੰਡ ਪਿੰਡ ਕੋਲ ਊਬੜ-ਖਾਬੜ ਰਸਤਿਆਂ ’ਚ ਕਾਰ ਪਾ ਲਈ।
ਇਸ ਕਾਰਨ ਕਾਰ ਰਸਤੇ ਵਿਚ ਹੀ ਪਲਟ ਗਈ। ਮੌਕੇ ਤੋਂ ਪੁਲੀਸ ਪਾਰਟੀ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ। ਕਾਰ ਦੀ ਤਲਾਸ਼ੀ ਲੈਣ ’ਤੇ ਉਸ ਵਿਚੋਂ ਪਿਸਤੌਲ ਵੀ ਬਰਾਮਦ ਹੋਇਆ। ਇਹ ਨੌਜਵਾਨ ਕਪੂਰਥਲਾ ਤੋਂ ਜਲੰਧਰ ਆ ਰਿਹਾ ਸੀ। ਵਡਾਲਾ ਪੁਲੀਸ ਚੌਕੀ ਵੱਲੋਂ ਲਾਏ ਗਏ ਨਾਕੇ ਦੌਰਾਨ ਇਹ ਘਟਨਾ ਉਦੋਂ ਵਾਪਰੀ ਜਦੋਂ ਚੌਕੀ ਇੰਚਾਰਜ ਸਬ ਇੰਸਪੈਕਟਰ ਠਾਕਰ ਸਿੰਘ ਨੇ ਤੇਜ਼ ਰਫਤਾਰ ਆ ਰਹੀ ਕਾਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਸੀ। ਜ਼ਖਮੀ ਹੋਏ ਸਬ ਇੰਸਪੈਕਟਰ ਠਾਕਰ ਸਿੰਘ ਨੂੰ ਨਿੱਜੀ ਹਸਪਤਾਲ ਦਾਖਲ ਕਰਵਾਇਆ ਗਿਆ। ਪੁਲੀਸ ਅਨੁਸਾਰ ਸਬ ਇੰਸਪੈਕਟਰ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਕਾਰ ਵਿੱਚੋਂ ਪਿਸਤੌਲ ਬਰਾਮਦ ਹੋਣ ਕਾਰਨ ਪੁਲੀਸ ਨੇ ਹਾਈ ਅਲਰਟ ਕਰ ਕੇ ਬਾਕੀ ਨਾਕਿਆਂ ਨੂੰ ਵੀ ਸੂਚਿਤ ਕਰ ਦਿੱਤਾ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਕਪੂਰਥਲਾ ਦੇ ਐੱਸਐੱਸਪੀ ਰਾਜਬਚਨ ਸਿੰਘ ਸੰਧੂ ਮੌਕੇ ’ਤੇ ਪਹੁੰਚ ਗਏ ਤੇ ਉਨ੍ਹਾਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਕਾਰ ਦੇ ਨੰਬਰ ਤੋਂ ਜਦੋਂ ਉਸ ਦੇ ਮਾਲਕ ਦਾ ਪਤਾ ਲਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਕੋਈ ਜਾਣਕਾਰੀ ਹਾਸਲ ਨਾ ਹੋਈ।