ਪਠਾਨਕੋਟ (ਪੱਤਰ ਪ੍ਰੇਰਕ): ਪਿੰਡ ਨਲੋਹ ’ਚ ਰਹਿੰਦੇ ਗੁੱਜਰ ਭਾਈਚਾਰੇ ਦੇ ਇੱਕ ਲੜਕੇ ਦੀ ਲੰਘੀ ਦੇਰ ਸ਼ਾਮ ਰਣਜੀਤ ਸਾਗਰ ਡੈਮ ਦੀ ਝੀਲ ’ਚ ਡੁੱਬਣ ਕਾਰਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਸਨਦ ਪੁੱਤਰ ਹੁਸੈਨ ਮੁਹੰਮਦ ਵਜੋਂ ਹੋਈ ਹੈ, ਜੋ ਨੌਵੀਂ ਜਮਾਤ ਦਾ ਵਿਦਿਆਰਥੀ ਸੀ। ਸਨਦ ਹੋਰਨਾਂ ਬੱਚਿਆਂ ਨਾਲ ਝੀਲ ਵਿੱਚ ਨਹਾਉਣ ਗਿਆ ਸੀ, ਪਰ ਉਹ ਪਾਣੀ ਦੇ ਵਹਾਅ ਵਿੱਚ ਸੰਤੁਲਨ ਨਾ ਬਣਾ ਸਕਿਆ ਤੇ ਡੁੱਬ ਗਿਆ। ਦੇਰ ਸ਼ਾਮ ਜਦੋਂ ਸਨਦ ਦੇ ਪਰਿਵਾਰਕ ਮੈਂਬਰਾਂ ਨੂੰ ਇਸ ਘਟਨਾ ਦੀ ਜਾਣਕਾਰੀ ਮਿਲੀ ਤਾਂ ਉਨ੍ਹਾਂ ਸਥਾਨਕ ਗੋਤਾਖੋਰਾਂ ਦੀ ਮਦਦ ਨਾਲ ਝੀਲ ਵਿੱਚੋਂ ਉਸ ਦੀ ਲਾਸ਼ ਬਾਹਰ ਕੱਢੀ। ਇਸ ਦੀ ਜਾਣਕਾਰੀ ਧਾਰ ਕਲਾਂ ਪੁਲੀਸ ਨੂੰ ਦਿੱਤੀ ਗਈ, ਜਿਸ ਨੇ ਕਾਰਵਾਈ ਮਗਰੋਂ ਅੱਜ ਸਿਵਲ ਹਸਪਤਾਲ ’ਚ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਹੈ।