ਮਨਧੀਰ ਸਿੰਘ ਦਿਓਲ
ਨਵਾਂ ਦਿੱਲੀ, 21 ਮਾਰਚ
ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦੀਆਂ ਰਾਜ ਸਭਾ ਚੋਣਾਂ ਲਈ ਐਲਾਨੇ ਉਮੀਦਵਾਰਾਂ ’ਚੋਂ ਦੋ ਰਾਘਵ ਚੱਢਾ ਅਤੇ ਸੰਦੀਪ ਪਾਠਕ ਦਿੱਲੀ ਨਾਲ ਸਬੰਧਤ ਹਨ। ਰਾਘਵ ਚੱਢਾ ਰਾਜ ਸਭਾ ਦੇ ਮੌਜੂਦਾ ਮੈਂਬਰਾਂ ’ਚੋਂ ਸਭ ਤੋਂ ਨੌਜਵਾਨ ਹੋਣਗੇ। 11 ਨਵੰਬਰ 1988 ਨੂੰ ਜਨਮੇ ਤੇ ਨਵੀਂ ਦਿੱਲੀ ਵਿੱਚ ਵੱਡੇ ਹੋਏ ਰਾਘਵ ਚੱਢਾ ਨੇ ਆਪਣੀ ਸਕੂਲੀ ਪੜ੍ਹਾਈ ਕੌਮੀ ਰਾਜਧਾਨੀ ਦੇ ਮਾਡਰਨ ਸਕੂਲ, ਬਾਰਾਖੰਬਾ ਰੋਡ ਤੋਂ ਪ੍ਰਾਪਤ ਕੀਤੀ ਤੇ ਦਿੱਲੀ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਕੀਤੀ। ਫਿਰ ਇੰਸਟੀਚਿਊਟ ਆਫ ਚਾਰਟਰਡ ਅਕਾਊਂਟਸ ਆਫ ਇੰਡੀਆ ਤੋਂ ਚਾਰਟਰਡ ਅਕਾਊਂਟੈਂਸੀ ਦੀ ਪੜ੍ਹਾਈ ਕੀਤੀ, ਜਿਸ ਤੋਂ ਬਾਅਦ ਉਹ ‘ਲੰਡਨ ਸਕੂਲ ਆਫ ਇਕਨਾਮਿਕਸ’ ਚਲੇ ਗਏ। 2018 ਵਿੱਚ ਉਨ੍ਹਾਂ ਨੂੰ ਆਮ ਆਦਮੀ ਪਾਰਟੀ ਦਾ ਕੌਮੀ ਖਜ਼ਾਨਚੀ ਨਿਯੁਕਤ ਕੀਤਾ ਗਿਆ। 2019 ਦੀਆਂ ਲੋਕ ਸਭਾ ਚੋਣਾਂ ਵਿੱਚ ਉਹ ਭਾਜਪਾ ਉਮੀਦਵਾਰ ਰਮੇਸ਼ ਬਿਧੂੜੀ ਤੋਂ ਹਾਰ ਗਏ ਸਨ। ਫਰਵਰੀ 2020 ਵਿੱਚ ਉਨ੍ਹਾਂ ਦਿੱਲੀ ਵਿਧਾਨ ਸਭਾ ਚੋਣ ਵਿੱਚ ਰਾਜੇਂਦਰ ਨਗਰ ਤੋਂ ਚੋਣ ਲੜੀ ਤੇ ਭਾਜਪਾ ਦੇ ਉਮੀਦਵਾਰ ਆਰਪੀ ਸਿੰਘ ਵਿਰੁੱਧ ਜਿੱਤ ਪ੍ਰਾਪਤ ਕੀਤੀ। ਚੋਣਾਂ ਤੋਂ ਬਾਅਦ ਉਨ੍ਹਾਂ ਨੂੰ ਦਿੱਲੀ ਜਲ ਬੋਰਡ (ਡੀਜੇਬੀ) ਦਾ ਉੱਪ ਚੇਅਰਮੈਨ ਨਿਯੁਕਤ ਕੀਤਾ ਗਿਆ।
ਇਸੇ ਤਰ੍ਹਾਂ ਕੈਂਬਰਿਜ ਯੂਨੀਵਰਸਿਟੀ ਤੋਂ ਪੀਐੱਚਡੀ ਕਰਨ ਵਾਲੇ ਡਾ. ਸੰਦੀਪ ਪਾਠਕ ਛੱਤੀਸਗੜ੍ਹ ਦੇ ਮੁੰਗੇਲੀ ਜ਼ਿਲ੍ਹੇ ਦੇ ਲੋਰਮੀ ਦੇ ਰਹਿਣ ਵਾਲੇ ਹਨ। ਉਹ ਹੁਣ ਆਈਆਈਟੀ ਦਿੱਲੀ ਵਿੱਚ ਪ੍ਰੋਫੈਸਰ ਹਨ। ਸੰਦੀਪ ਦੇ ਪਿਤਾ ਸ਼ਿਵ ਕੁਮਾਰ ਪਾਠਕ ਇੱਕ ਕਿਸਾਨ ਹਨ। 4 ਅਕਤੂਬਰ 1979 ਨੂੰ ਜਨਮੇ ਸੰਦੀਪ ਪਰਿਵਾਰ ਦੇ ਸਭ ਤੋਂ ਵੱਡੇ ਪੁੱਤਰ ਹਨ। ਉਨ੍ਹਾਂ ਦਾ ਭਰਾ ਪ੍ਰਦੀਪ ਪਾਠਕ ਅਤੇ ਭੈਣ ਪ੍ਰਤਿਭਾ ਪਾਠਕ ਸੰਦੀਪ ਤੋਂ ਛੋਟੇ ਹਨ। ਉਨ੍ਹਾਂ ਆਪਣੀ ਮੁੱਢਲੀ ਪੜ੍ਹਾਈ ਲੋਰਮੀ ਤੋਂ ਕੀਤੀ। ਇਸ ਤੋਂ ਬਾਅਦ ਉਹ ਅਗਲੇਰੀ ਪੜ੍ਹਾਈ ਲਈ ਬਿਲਾਸਪੁਰ ਚਲੇ ਗਏ। ਕਾਲਜ ਦੀ ਪੜ੍ਹਾਈ ਹੈਦਰਾਬਾਦ ਤੋਂ ਕੀਤੀ ਅਤੇ ਕੈਂਬਰਿਜ ਯੂਨੀਵਰਸਿਟੀ, ਲੰਡਨ ਤੋਂ ਮਾਸਟਰ ਡਿਗਰੀ ਅਤੇ ਪੀਐੱਚਡੀ ਕੀਤੀ। ਕਰੀਬ ਛੇ ਸਾਲ ਉੱਥੇ ਰਹਿਣ ਤੋਂ ਬਾਅਦ ਉਹ ਦੇਸ਼ ਪਰਤੇ। ਉਨ੍ਹਾਂ ਨੂੰ ‘ਆਪ’ ਦਾ ‘ਚਾਣਕਿਆ’ ਕਿਹਾ ਜਾਂਦਾ ਹੈ। ਪਾਰਟੀ ਸੂਤਰਾਂ ਅਨੁਸਾਰ ਉਹ ਕਈ ਸਾਲਾਂ ਤੋਂ ਪਾਰਟੀ ਲਈ ‘ਪਰਦੇ ਦੇ ਪਿੱਛਿਓਂ’ ਕੰਮ ਕਰ ਰਹੇ ਹਨ।