ਮਹਿੰਦਰ ਸਿਘ ਰੱਤੀਆਂ
ਮੋਗਾ, 21 ਅਗਸਤ
ਇੱਥੋਂ ਦੇ ਵਾਰਡ 27 ਦੇ 14 ਵਰ੍ਹਿਆਂ ਤੋਂ ਲਾਪਤਾ ਨੌਜਵਾਨ ਦੇ ਰੱਖੜੀ ਮੌਕੇ ਅੱਜ ਘਰ ਪਹੁੰਚਣ ’ਤੇ ਉਸ ਦੀ ਮਾਂ ਅਤੇ ਭੈਣ ਦੀਆਂ ਅੱਖਾਂ ’ਚੋਂ ਹੰਝੂ ਵਹਿ ਤੁਰੇ। ਬਚਪਨ ਤੋਂ ਲਾਪਤਾ ਨੌਜਵਾਨ ਲਾਡੀ ਦੇ ਘਰ ਪਹੁੰਚਣ ’ਤੇ ਮਾਂ ਮਨਜੀਤ ਕੌਰ ਨੇ ਦੱਸਿਆ ਕਿ ਉਸ ਨੂੰ ਯਕੀਨ ਨਹੀਂ ਆ ਰਿਹਾ ਕਿ ਉਸ ਦਾ ਪੁੱਤਰ ਵਾਪਸ ਆ ਗਿਆ ਹੈ।
ਇਸ ਮੌਕੇ ਲਾਡੀ ਨੇ ਕਿਹਾ ਕਿ ਉਹ ਜਦੋਂ 9 ਸਾਲ ਦਾ ਸੀ ਤਾਂ ਮੋਗਾ ਦੇ ਪਿੰਡ ਲੁਹਾਰਾ ਵਿੱਚ ਫੱਕਰ ਬਾਬਾ ਦਾਮੂੰ ਸ਼ਾਹ ਦੀ ਦਰਗਾਹ ’ਤੇ ਮੱਥਾ ਟੇਕਣ ਗਿਆ ਸੀ, ਜਿੱਥੋਂ ਇੱਕ ਟਰੱਕ ਡਰਾਈਵਰ ਨੇ ਉਸ ਨੂੰ ਆਪਣੇ ਨਾਲ ਬਿਠਾ ਲਿਆ ਅਤੇ ਰਾਜਸਥਾਨ ਦੇ ਇੱਕ ਹੋਟਲ ’ਤੇ ਵੇਚ ਦਿੱਤਾ। ਹੋਟਲ ’ਤੇ 2 ਸਾਲ ਰਹਿਣ ਮਗਰੋਂ ਉਸ ਦਾ ਇੱਕ ਸਾਥੀ ਉਸ ਨੂੰ ਉੱਤਰ ਪ੍ਰਦੇਸ਼ ਲੈ ਗਿਆ ਜਿੱਥੇ ਉਹ ਕਾਫ਼ੀ ਸਮਾਂ ਬਾਲ ਮਜ਼ਦੂਰੀ ਕਰਦਾ ਰਿਹਾ। ਉਸ ਨੇ ਦੱਸਿਆ ਕਿ ਉਸ ਕੋਲ ਪਰਿਵਾਰ ਦਾ ਕੋਈ ਸੰਪਰਕ ਨੰਬਰ ਵੀ ਨਹੀਂ ਸੀ। ਉਸ ਨੇ ਕਿਹਾ ਕਿ ਉਸ ਨੂੰ ਗੁਆਂਢੀਆਂ ਨੇ ਪੰਜਾਬ ਜਾਣ ਲਈ ਕਿਹਾ ਸੀ ਤੇ ਉਨ੍ਹਾਂ ਦੀ ਮਦਦ ਨਾਲ ਹੀ ਉਹ ਆਪਣੀ ਮਾਂ ਨੂੰ ਮਿਲ ਸਕਿਆ ਹੈ। ਉਸ ਨੇ ਦੱਸਿਆ ਕਿ ਘਰ ਪਹੁੰਚਦਿਆਂ ਹੀ ਮਾਂ ਤੋਂ ਪਿਤਾ ਬਾਰੇ ਪੁੱਛਣ ’ਤੇ ਪਤਾ ਲੱਗਾ ਕਿ ਉਸ ਦਾ ਪਿਤਾ ਉਸ (ਲਾਡੀ) ਨੂੰ ਉਡੀਕਦਾ ਰੱਬ ਨੂੰ ਪਿਆਰਾ ਹੋ ਗਿਆ ਹੈ।
ਵਾਰਡ ਕੌਂਸਲਰ ਕੁਲਵਿੰਦਰ ਕੌਰ ਨੇ ਥਾਣਾ ਸਿਟੀ-2 ਦੇ ਮੁਖੀ ਬਲਰਾਜ ਮੋਹਨ ਨੂੰ ਸ਼ਿਕਾਇਤ ਦੇ ਕੇ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਮੰਗੀ ਹੈ। ਭੈਣ ਕਾਜਲ ਨੇ 14 ਵਰ੍ਹਿਆਂ ਮਗਰੋਂ ਆਪਣੇ ਭਰਾ ਦੇ ਗੁੱਟ ’ਤੇ ਰੱਖੜੀ ਸਜਾਈ ਜਿਸ ਦਾ ਕਹਿਣਾ ਸੀ ਕਿ ਉਸ ਦੀ ਖੁਸ਼ੀ ਦਾ ਅੱਜ ਕੋਈ ਟਿਕਾਣਾ ਨਹੀਂ ਹੈ।