ਨਿੱਜੀ ਪੱਤਰ ਪ੍ਰੇਰਕ
ਚਮਕੌਰ ਸਾਹਿਬ, 16 ਸਤੰਬਰ
ਇੱਥੋਂ ਨੇੜਲੇ ਪਿੰਡ ਮਾਲੇਵਾਲ ਵਿੱਚ ਦਿਨ-ਦਿਹਾੜੇ ਕੁਹਾੜੀ ਮਾਰ ਕੇ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ। ਪੁਲੀਸ ਚੌਕੀ ਬੇਲਾ ਦੇ ਇੰਚਾਰਜ ਸ਼ਿੰਦਰਪਾਲ ਨੇ ਦੱਸਿਆ ਕਿ ਪਿੰਡ ਮਾਲੇਵਾਲ ਦੇ ਨੌਜਵਾਨ ਲਖਵੀਰ ਦਾਸ (35) ਪੁੱਤਰ ਪ੍ਰਕਾਸ਼ ਦਾ ਨੇੜਲੇ ਪਿੰਡ ਘੁੜਕੇਵਾਲ ਦੇ ਹੀ ਲਖਵੀਰ ਸਿੰਘ (26) ਪੁੱਤਰ ਪਾਲ ਸਿੰਘ ਨੇ ਪਰਿਵਾਰ ਦੀ ਅਣਖ ਖਾਤਰ ਧੌਣ ’ਤੇ ਕੁਹਾੜੀ ਨਾਲ ਵਾਰ ਕਰ ਕੇ ਕਤਲ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਲਖਵੀਰ ਦਾਸ ਨੇ ਦੋ ਸਾਲ ਪਹਿਲਾ ਮੁਲਜ਼ਮ ਲਖਵੀਰ ਸਿੰਘ ਦੀ ਭੈਣ ਨਾਲ ਪਰਿਵਾਰ ਦੀ ਮਰਜ਼ੀ ਤੋਂ ਉਲਟ ਪ੍ਰੇਮ ਵਿਆਹ ਕਰਵਾਇਆ ਸੀ ਅਤੇ ਉਹ ਕਿਸੇ ਹੋਰ ਪਿੰਡ ਵਿੱਚ ਰਹਿੰਦਾ ਸੀ। ਲਖਵੀਰ ਦਾਸ ਕੱਲ ਜਦੋਂ ਪਿੰਡ ਮਾਲੇਵਾਲ ਰਹਿੰਦੀ ਆਪਣੀ ਭੈਣ ਨੂੰ ਮਿਲਣ ਲਈ ਆਇਆ ਤਾਂ ਲਖਵੀਰ ਸਿੰਘ ਨੇ ਕੁਰਸੀ ’ਤੇ ਬੈਠੇ ਲਖਵੀਰ ਦਾਸ ’ਤੇ ਕੁਹਾੜੀ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ ਮੌਕੇ ’ਤੇ ਹੀ ਉਸ ਦੀ ਮੌਤ ਹੋ ਗਈ। ਮੁਲਜ਼ਮ ਕਤਲ ਕਰਕੇ ਫਰਾਰ ਹੋ ਗਿਆ। ਪੁਲੀਸ ਨੇ ਲਾਸ਼ ਕਬਜ਼ੇ ਵਿੱਚ ਲੈ ਕੇ ਕੇਸ ਦਰਜ ਕਰਕੇ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ।