ਰਾਜਿੰਦਰ ਕੁਮਾਰ
ਬੱਲੂਆਣਾ (ਅਬੋਹਰ) 30 ਅਗਸਤ
ਥਾਣਾ ਖੂਹੀ ਖੇੜਾ ਹੇਠ ਪੈਂਦੇ ਪਿੰਡ ਪੱਤਰੇ ਵਾਲਾ ਦੀ ਢਾਣੀ ’ਚ ਸ਼ਨਿਚਵਾਰ ਰਾਤ ਦਾਖਲ ਹੋਏ ਇੱਕ ਦਰਜਨ ਤੋਂ ਵੱਧ ਹਥਿਆਰਬੰਦਾਂ ਨੇ ਇੱਕ ਨੌਜਵਾਨ ਬੱਬਰ ਸਿੰਘ (32) ਦੀ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ। ਥਾਣਾ ਖੂਹੀ ਖੇੜਾ ਦੀ ਪੁਲੀਸ ਨੇ ਪਿੰਡ ਦੇ ਸਰਪੰਚ ਗੁਰਵਿੰਦਰ ਸਿੰਘ ਉਰਫ ਪੋਪੀ ਸਣੇ 12 ਜਣਿਆਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕੀਤਾ ਹੈ। ਪੁਲੀਸ ਨੇ ਮ੍ਰਿਤਕ ਦੀ ਲਾਸ਼ ਅਬੋਹਰ ਦੇ ਸਰਕਾਰੀ ਹਸਪਤਾਲ ’ਚ ਪੋਸਟਮਾਰਟਮ ਲਈ ਰਖਵਾ ਦਿੱਤੀ ਹੈ। ਹਮਲੇ ਵਿੱਚ ਜ਼ਖਮੀ ਹੋਏ ਮ੍ਰਿਤਕ ਦੇ ਭਰਾਵਾਂ ਤੇ ਮਾਂ ਨੂੰ ਅਬੋਹਰ ਦੇ ਸਰਕਾਰੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਪੁਲੀਸ ਨੂੰ ਦਿੱਤੇ ਬਿਆਨਾਂ ’ਚ ਮ੍ਰਿਤਕ ਦੇ ਭਰਾ ਦਵਿੰਦਰ ਸਿੰਘ ਨੇ ਦੱਸਿਆ ਕਿ ਰਾਤ ਕਰੀਬ ਗਿਆਰਾਂ ਵਜੇ ਪਿੰਡ ਦਾ ਸਰਪੰਚ ਗੁਰਵਿੰਦਰ ਸਿੰਘ ਉਰਫ ਪੋਪੀ ਆਪਣੇ ਹੀ ਦਰਜਨ ਸਾਥੀਆਂ ਦੇ ਨਾਲ ਹਥਿਆਰਾਂ ਅਤੇ ਡਾਗਾਂ ਸੋਟਿਆਂ ਨਾਲ ਲੈਸ ਹੋ ਕੇ ਆਏ ਘਰ ’ਚ ਸੁੱਤੇ ਪਏ ਬੱਬਰ ਸਿੰਘ ਅਤੇ ਹੋਰ ਪਰਿਵਾਰਕ ਮੈਂਬਰਾਂ ’ਤੇ ਹਮਲਾ ਬੋਲ ਦਿੱਤਾ। ਪਰਿਵਾਰ ਵੱਲੋਂ ਰੌਲਾ ਪਾਉਣ ’ਤੇ ਜਦ ਨੇੜਲੀਆਂ ਢਾਣੀਆਂ ਦੇ ਲੋਕ ਇਕੱਤਰ ਹੋਏ ਤਾਂ ਹਮਲਾਵਰ ਹਵਾਈ ਫਾਇਰ ਕਰਦੇ ਹੋਏ ਉੱਥੋਂ ਨਿਕਲ ਗਏ। ਲੋਕਾਂ ਨੇ ਬੱਬਰ, ਉਸਦੀ ਮਾਂ ਤੇ ਭਰਾਵਾਂ ਭਰਾ ਨੂੰ ਅਬੋਹਰ ਦੇ ਸਰਕਾਰੀ ਹਸਪਤਾਲ ਪਹੁੰਚਾਇਆ ਜਿੱਥੇ ਇਲਾਜ ਦੌਰਾਨ ਬੱਬਰ ਸਿੰਘ ਦੀ ਮੌਤ ਹੋ ਗਈ ਜਦਕਿ ਬਾਕੀ ਤਿੰਨੋਂ ਜ਼ੇਰੇ-ਇਲਾਜ ਹਨ। ਡਾਕਟਰੀ ਰਿਪੋਰਟਾਂ ਮੁਤਾਬਕ ਬੱਬਰ ਦੀ ਮਾਤਾ ਅਤੇ ਭਰਾ ਦੀਆਂ ਲੱਤਾਂ ਹਮਲੇ ਕਾਰਨ ਟੁੱਟੀਆਂ ਹਨ। ਪੁਲੀਸ ਨੇ ਮ੍ਰਿਤਕ ਦੇ ਭਰਾ ਦਵਿੰਦਰ ਸਿੰਘ ਦੇ ਬਿਆਨਾਂ ’ਤੇ ਪਿੰਡ ਦੇ ਸਰਪੰਚ ਗੁਰਵਿੰਦਰ ਸਿੰਘ ਪੌਪੀ ਤੋਂ ਇਲਾਵਾ ਕੁਲਵਿੰਦਰ ਸਿੰਘ ਉਰਫ਼ ਬੱਬੂ, ਸੁਰਿੰਦਰ ਸਿੰਘ,ਵਰਿੰਦਰ ਉਰਫ ਡਾਕਟਰ, ਜਸਪ੍ਰੀਤ ਉਰਫ਼ ਬੰਟਾ, ਸੁਰਜੀਤ ਸਿੰਘ, ਰਾਮ ਕਿਸ਼ਨ ਮੁਖਤਿਆਰ ਸਿੰਘ, ਗੋਰੂ, ਮਹਿੰਦਰ ਸਿੰਘ ਉਰਫ ਗਿਆਨੀ, ਗੁਰਮੀਤ ਸਿੰਘ ਅਤੇ ਰਾਜੂ ਖ਼ਿਲਾਫ਼ ਕਤਲ ਅਤੇ ਆਰਮਜ਼ ਐਕਟ ਹੇਠ ਕੇਸ ਦਰਜ ਕਰ ਲਿਆ ਹੈ।
ਮੁਲਜ਼ਮਾਂ ਨੇ ਪਹਿਲਾਂ ਵੀ ਕੀਤੀ ਸੀ ਘਿਣਾਉਣੀ ਹਰਕਤ
ਮ੍ਰਿਤਕ ਅਤੇ ਹਮਲਾਵਰਾਂ ਦੇ ਪਰਿਵਾਰਾਂ ਵਿਚਾਲੇ ਰੰਜਿਸ਼ ਪੁਰਾਣੀ ਚੱਲ ਰਹੀ ਹੈ। ਪੰਚਾਇਤੀ ਚੋਣਾਂ ਦੌਰਾਨ ਮ੍ਰਿਤਕ ਦੇ ਕੁਝ ਪਰਿਵਾਰਕ ਮੈਂਬਰਾਂ ਨੂੰ ਨਾਮਜ਼ਦ ਮੁਲਜ਼ਮਾਂ ਵੱਲੋਂ ਜੁੱਤੀ ’ਚ ਪਿਸ਼ਾਬ ਪਿਲਾਉਣ ਦੀ ਘਟਨਾ ਵੀ ਸਾਹਮਣੇ ਆਈ ਸੀ। ਮਾਮਲੇ ਦੀ ਪੈਰਵੀ ਕਰ ਰਹੇ ਸਬ ਇੰਸਪੈਕਟਰ ਰਮੇਸ਼ ਕੁਮਾਰ ਨੇ ਦੱਸਿਆ ਕਿ ਨਾਮਜ਼ਦ ਮੁਲਜ਼ਮਾਂ ਨੂੰ ਫੜਨ ਲਈ ਕਾਰਵਾਈ ਕੀਤੀ ਜਾ ਰਹੀ ਹੈ।
ਮੁਲਜ਼ਮ ਫੜੇ ਜਾਣ ’ਤੇ ਹੀ ਕਰਾਂਗੇ ਸਸਕਾਰ: ਪਰਿਵਾਰ
ਪੁਲੀਸ ਨੇ ਬੇਸ਼ੱਕ 12 ਜਣਿਆਂ ਖਿਲਾਫ਼ ਕੇਸ ਦਰਜ ਕਰ ਲਿਆ ਹੈ ਪਰ ਮ੍ਰਿਤਕ ਦੇ ਪਰਿਵਾਰਕ ਮੈਂਬਰ ਇਸ ਗੱਲ ’ਤੇ ਅੜੇ ਹਨ ਕਿ ਜਦ ਤੱਕ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾਂਦਾ ਤਾਂ ਤਦ ਤੱਕ ਮ੍ਰਿਤਕ ਦਾ ਸਸਕਾਰ ਨਹੀਂ ਕਰਨਗੇ। ਪੁਲੀਸ ਅਤੇ ਮ੍ਰਿਤਕ ਦੇ ਵਾਰਸਾਂ ਵਿਚਾਲੇ ਤਲਖ਼ੀ ਦੇ ਚੱਲਦੇ ਦੇਰ ਸ਼ਾਮ ਤੱਕ ਲਾਸ਼ ਦਾ ਪੋਸਟਮਾਰਟਮ ਨਹੀਂ ਸੀ ਹੋ ਸਕਿਆ।