ਸੁੱਚਾ ਸਿੰਘ ਪਸਨਾਵਾਲ
ਧਾਰੀਵਾਲ, 5 ਜਨਵਰੀ
ਨੇੜਲੇ ਪਿੰਡ ਡਡਵਾਂ ਵਿੱਚ ਕੁੱਝ ਵਿਅਕਤੀਆਂ ਨੇ ਪੁਰਾਣੀ ਰੰਜ਼ਿਸ ਕਾਰਨ ਇੱਕ ਨੌਜਵਾਨ ਨੂੰ ਕੁੱਟ ਕੁੱਟ ਕੇ ਮਾਰ ਦਿੱਤਾ। ਥਾਣਾ ਧਾਰੀਵਾਲ ਦੀ ਪੁਲੀਸ ਨੇ ਪਿੰਡ ਡਡਵਾਂ ਦੇ ਸਰਪੰਚ ਸਣੇ ਪੰਜ ਖ਼ਿਲਾਫ਼ ਧਾਰਾ 302, 341, 342, 148, 149 ਤਹਿਤ ਕੇਸ ਦਰਜ ਕਰ ਲਿਆ ਹੈ, ਪਰ ਉਨ੍ਹਾਂ ਦੀ ਗ੍ਰਿਫ਼ਤਾਰੀ ਨਹੀਂ ਹੋਈ। ਮ੍ਰਿਤਕ ਦੀ ਪਛਾਣ ਰਿੱਕੀ ਉਰਫ ਰੌਕਾ (27) ਪੁੱਤਰ ਡੇਵਿਡ ਵਾਸੀ ਪਿੰਡ ਡਡਵਾਂ ਵਜੋਂ ਹੋਈ ਹੈ। ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਲਈ ਪੀੜਤ ਪਰਿਵਾਰ ਅਤੇ ਸਮਰਥਕਾਂ ਨੇ ਉਸ ਦੀ ਲਾਸ਼ ਧਾਰੀਵਾਲ-ਗੁਰਦਾਸਪੁਰ ਮਾਰਗ ’ਤੇ ਰੱਖ ਕੇ ਆਵਾਜਾਈ ਠੱਪ ਕਰ ਦਿੱਤੀ। ਉਨ੍ਹਾਂ ਪੁਲੀਸ ਪ੍ਰਸ਼ਾਸਨ, ਹਲਕਾ ਵਿਧਾਇਕ, ਥਾਣਾ ਮੁਖੀ ਅਤੇ ਸਰਪੰਚ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਉਨ੍ਹਾਂ ਕਿਹਾ ਕਿ ਜਦੋਂ ਤੱਕ ਦੋਸ਼ੀਆਂ ਨੂੰ ਗ੍ਰਿਫ਼ਤਾਰ ਅਤੇ ਥਾਣਾ ਧਾਰੀਵਾਲ ਦੇ ਮੁਖੀ ਮਨਜੀਤ ਸਿੰਘ ਨੂੰ ਮੁਅੱਤਲ ਨਹੀਂ ਕੀਤਾ ਜਾਂਦਾ ਪ੍ਰਦਰਸ਼ਨ ਜਾਰੀ ਰਹੇਗਾ।
ਮ੍ਰਿਤਕ ਦੇ ਭਰਾ ਲੱਕੀ ਨੇ ਦੱਸਿਆ ਕਿ ਰੌਕਾ ਦਾ ਪਿਛਲੇ ਸਾਲ ਪਿੰਡ ਦੇ ਹੀ ਲੜਕੇ ਨਾਲ ਝਗੜਾ ਹੋ ਗਿਆ ਸੀ। ਜਦੋਂ ਉਹ ਸੋਮਵਾਰ ਸ਼ਾਮ ਨੂੰ ਘਰ ਪਰਤ ਰਿਹਾ ਸੀ ਤਾਂ ਵਿੱਕੀ ਅਤੇ ਉਸ ਦੇ ਸਾਥੀਆਂ ਨੇ ਰੌਕਾ ਦੀ ਬੁਰੀ ਤਰ੍ਹਾਂ ਕੁੱਟ ਮਾਰ ਕੀਤੀ ਅਤੇ ਵਿੱਕੀ ਦੇ ਘਰ ਵਿੱਚ ਬੰਦ ਕਰ ਦਿੱਤਾ। ਥਾਣਾ ਮੁਖੀ ਮਨਜੀਤ ਸਿੰਘ ਨੇ ਰੌਕਾ ਨੂੰ ਛੁਡਵਾ ਕੇ ਧਾਰੀਵਾਲ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ, ਜਿੱਥੋਂ ਉਸ ਨੂੰ ਸਿਵਲ ਹਸਪਤਾਲ ਗੁਰਦਾਸਪੁਰ ਰੈਫਰ ਕਰ ਦਿੱਤਾ, ਜਿਥੇ ਉਸ ਦੀ ਮੌਤ ਹੋ ਗਈ। ਪੁਲੀਸ ਨੇ ਵਿੱਕੀ, ਕਾਲੂ, ਗਗਨ, ਸਰਪੰਚ ਲਵਪ੍ਰੀਤ ਸਿੰਘ ਅਤੇ ਇੱਕ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਗੁਰਦਾਸਪੁਰ ਦੇ ਐੱਸਪੀ (ਡੀ) ਹਰਵਿੰਦਰ ਸਿੰਘ ਸੰਧੂ ਨੇ ਭਰੋਸਾ ਦਿਵਾਇਆ ਕਿ ਥਾਣਾ ਧਾਰੀਵਾਲ ਦੇ ਐੱਸਐੱਚਓ ਮਨਜੀਤ ਸਿੰਘ ਨੂੰ ਲਾਈਨ ਹਾਜ਼ਰ ਕਰ ਦਿੱਤਾ ਗਿਆ ਹੈ ਅਤੇ ਦੋਸ਼ੀਆਂ ਨੂੰ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਇਸ ਮਗਰੋਂ ਉਨ੍ਹਾਂ ਨੇ ਧਰਨਾ ਚੁੱਕ ਲਿਆ ਹੈ।
ਫ਼ਿਰੋਜ਼ਪੁਰ ’ਚ ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ
ਫ਼ਿਰੋਜ਼ਪੁਰ(ਸੰਜੀਵ ਹਾਂਡਾ): ਲੰਘੀ ਰਾਤ ਸ਼ਹਿਰ ਦੇ ਜੰਡੀ ਮੁਹੱਲੇ ’ਚ ਕੁਝ ਅਣਪਛਾਤੇ ਹਮਲਾਵਰਾਂ ਵੱਲੋਂ ਇੱਕ ਨੌਜਵਾਨ ਦੀ ਸ਼ਰੇਆਮ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਤੇ ਵਾਰਦਾਤ ਮਗਰੋਂ ਮੁਲਜ਼ਮ ਫ਼ਰਾਰ ਹੋ ਗਏ। ਮ੍ਰਿਤਕ ਦੀ ਪਛਾਣ ਚੇਤਨ ਡੂਮਰਾ (32) ਵਾਸੀ ਜੰਡੀ ਮੁਹੱਲਾ ਫ਼ਿਰੋਜ਼ਪੁਰ ਸ਼ਹਿਰ ਵਜੋਂ ਹੋਈ ਹੈ। ਚੇਤਨ ਸ਼ਾਦੀਸ਼ੁਦਾ ਸੀ ਤੇ ਉਸਦੇ ਦੋ ਛੋਟੇ ਬੱਚੇ ਵੀ ਹਨ। ਉਹ ਕਈ ਸਾਲਾਂ ਤੋਂ ਕੇਲਿਆਂ ਦਾ ਵਪਾਰ ਕਰਦਾ ਸੀ।ਵੇਰਵਿਆਂ ਮੁਤਾਬਿਕ ਚੇਤਨ ਆਪਣੀ ਸਾਲੀ ਨੂੰ ਛਾਉਣੀ ਛੱਡ ਕੇ ਵਾਪਸ ਆ ਰਿਹਾ ਸੀ। ਇਸੇ ਦੌਰਾਨ ਹਮਲਾਵਰਾਂ ਨੇ ਗੋਲੀਆਂ ਚਲਾਈਆਂ ਜਿਸ ਕਾਰਨ ਚੇਤਨ ਜ਼ਖ਼ਮੀ ਹੋ ਗਿਆ ਜਿਸ ਦੀ ਹਸਪਤਾਲ ਜਾ ਕੇ ਮੌਤ ਹੋ ਗਈ।