ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 13 ਅਗਸਤ
ਥਾਣਾ ਡਵੀਜ਼ਨ ਨੰਬਰ-4 ਦੇ ਅਧੀਨ ਪੈਂਦੇ ਗਾਂਧੀ ਨਗਰ ਸਥਿਤ ਬਸੰਤ ਨਗਰ ਦੇ ਇਲਾਕਿਆਂ ’ਚ ਇੱਕ 26 ਸਾਲਾਂ ਨੌਜਵਾਨ ਨੇ ਸਵੇਰੇ ਦੁਕਾਨ ਅੰਦਰ ਤਾਲਾ ਲਾ ਕੇ ਖੁਦਕੁਸ਼ੀ ਕਰ ਲਈ। ਮਾਮਲੇ ਦਾ ਪਤਾ ਉਦੋਂ ਲੱਗਿਆ ਜਦੋਂ ਮ੍ਰਿਤਕ ਨੇ ਪਰਿਵਾਰਿਕ ਮੈਂਬਰਾਂ ਦਾ ਫੋਨ ਨਹੀਂ ਚੁੱਕਿਆ ਤਾਂ ਮ੍ਰਿਤਕ ਦਾ ਛੋਟਾ ਭਰਾ ਦੁਕਾਨ ’ਤੇ ਪੁੱਜਿਆ। ਜਿਸ ਨੇ ਦੁਕਾਨ ਦਾ ਸ਼ਟਰ ਤੋੜ ਕੇ ਦੇਖਿਆ ਤਾਂ ਅੰਦਰ ਵੱਡੇ ਭਰਾ ਦੀ ਲਾਸ਼ ਚੁੰਨੀ ਦੇ ਸਹਾਰੇ ਲਟਕ ਰਹੀ ਸੀ। ਪੁਲੀਸ ਨੇ ਮੌਕੇ ’ਤੇ ਪੁੱਜ ਕੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਸਿਵਲ ਹਸਪਤਾਲ ਮੁਰਦਾਘਰ ’ਚ ਰਖਵਾ ਦਿੱਤਾ। ਮ੍ਰਿਤਕ ਦੀ ਪਛਾਣ ਪ੍ਰਿੰਸ ਕੁਮਾਰ ਵਜੋਂ ਹੋਈ। ਮ੍ਰਿਤਕ ਦੇ ਭਰਾ ਅੰਕਿਤ ਕੁਮਾਰ ਨੇ ਦੱਸਿਆ ਕਿ ਪ੍ਰਿੰਸ ਦਾ ਕਰੀਬ 1 ਸਾਲ ਪਹਿਲਾਂ ਹੈਬੋਵਾਲ ਦੀ ਰਹਿਣ ਵਾਲੀ ਲੜਕੀ ਦੇ ਨਾਲ ਮੰਗਣਾ ਹੋਇਆ ਸੀ। ਇਸ ਤੋਂ ਬਾਅਦ ਲੜਕੀ ਪੱਖ ਵਾਲਿਆਂ ਨੇ ਵਿਆਹ ਲਈ ਕੁਝ ਸਮੇਂ ਦੀ ਮੰਗ ਕੀਤੀ ਸੀ। ਅੰਕਿਤ ਨੇ ਦੱਸਿਆ ਕਿ ਉਸ ਦਾ ਭਰਾ ਪ੍ਰਿੰਸ ਪਿਛਲੇ ਕੁਝ ਦਿਨਾਂ ਤੋਂ ਪ੍ਰੇਸ਼ਾਨ ਚੱਲ ਰਿਹਾ ਸੀ। ਪਰਿਵਾਰ ਵਾਲਿਆਂ ਦੇ ਪੁੱਛਣ ’ਤੇ ਉਸ ਨੇ ਦੱਸਿਆ ਕਿ ਲੜਕੀ ਨੇ ਉਸ ਨਾਲ ਵਿਆਹ ਕਰਨ ਤੋਂ ਮਨ੍ਹਾਂ ਕਰ ਦਿੱਤਾ ਹੈ। ਅੰਕਿਤ ਨੇ ਦੱਸਿਆ ਕਿ ਪ੍ਰਿੰਸ ਘਰ ਦੇ ਨੇੜੇ ਮੋਬਾਈਲ ਦੀ ਦੁਕਾਨ ਚਲਾਉਂਦਾ ਸੀ। ਇਸ ਸਬੰਧੀ ਪਰਿਵਾਰਕ ਮੈਂਬਰਾਂ ਨੇ ਥਾਣੇ ਦਾ ਘਿਰਾਓ ਕਰਕੇ ਲੜਕੀ ਦੇ ਖਿਲਾਫ਼ ਖੁਦਕੁਸ਼ੀ ਲਈ ਮਜ਼ਬੂਰ ਕਰਨ ਦਾ ਕੇਸ ਵੀ ਦਰਜ ਕਰਨ ਦੀ ਮੰਗ ਕੀਤੀ ਹੈ।
ਦੋ ਸੜਕ ਹਾਦਸਿਆਂ ਵਿੱਚ ਦੋ ਮੌਤਾਂ
ਲੁਧਿਆਣਾ (ਨਿੱਜੀ ਪੱਤਰ ਪ੍ਰੇਰਕ):ਪਿਛਲੇ 24 ਘੰਟਿਆਂ ਦੌਰਾਨ ਦੋ ਸੜਕ ਹਾਦਸਿਆਂ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਗਈ। ਢੋਲੇਵਾਲ ਵਾਸੀ ਸਵਰਨਦੀਪ ਸਿੰਘ ਨੇ ਦੱਸਿਆ ਹੈ ਕਿ ਉਹ ਅਤੇ ਉਸ ਦਾ ਦੋਸਤ ਨਰਿੰਦਰ ਕੁਮਾਰ ਵਾਸੀ ਵਿਸ਼ਵਕਰਮਾ ਕਲੋਨੀ ਸੈਰ ਕਰਨ ਲਈ ਸਾਈਕਲਾਂ ’ਤੇ ਜਾ ਰਹੇ ਸਨ। ਜਦੋਂ ਉਹ ਐਕਸਿਸ ਬੈਂਕ ਲੋਹਾ ਮਾਰਕੀਟ ਨੇੜੇ ਪੁੱਜੇ ਤਾਂ ਪਿੱਛੋਂ ਦੀ ਸਵਿਫ਼ਟ ਕਾਰ ਨੇ ਨਰਿੰਦਰ ਕੁਮਾਰ (40) ਦੇ ਸਾਈਕਲ ਵਿੱਚ ਟੱਕਰ ਮਾਰੀ। ਉਸ ਨੂੰ ਇਲਾਜ ਲਈ ਸੀਐੱਮਸੀ ਹਸਪਤਾਲ ਲਿਜਾਇਆ ਗਿਆ ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਜਾਂਚ ਅਧਿਕਾਰੀ ਬਿੰਦਰ ਸਿੰਘ ਨੇ ਦੱਸਿਆ ਹੈ ਕਿ ਪੁਲੀਸ ਨੇ ਕਾਰ ਨੰਬਰ ਪੀਬੀ 10 ਏਜੇ 9130 ਦੇ ਨਾਮਲੂਮ ਡਰਾਈਵਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਦੂਜੇ ਮਾਮਲੇ ਵਿੱਚ ਡਿਵੀਜ਼ਨ ਨੰਬਰ ਪੰਜ ਦੇ ਇਲਾਕੇ ਜਗਰਾਉਂ ਪੁਲ ਸਥਿਤ ਮਿਲਟਰੀ ਕੈਂਪ ਬਾਹਰ ਨਾਮਲੂਮ ਕਾਰ ਚਾਲਕ ਵੱਲੋਂ ਸਕੂਟਰ ਵਿੱਚ ਟੱਕਰ ਮਾਰੇ ਜਾਣ ਨਾਲ ਸਕੂਟਰ ਸਵਾਰ ਸੁਰਿੰਦਰ ਸਿੰਘ (55) ਦੀ ਮੌਤ ਹੋ ਗਈ ਹੈ। ਜਾਂਚ ਅਧਿਕਾਰੀ ਨਸੀਬ ਸਿੰਘ ਨੇ ਦੱਸਿਆ ਹੈ ਕਿ ਪੁਲੀਸ ਵੱਲੋਂ ਨਾ ਮਲੂਮ ਕਾਰ ਚਾਲਕ ਖ਼ਿਲਾਫ਼ ਕੇਸ ਦਰਜ ਕਰਕੇ ਉਸ ਦੀ ਭਾਲ ਕੀਤੀ ਜਾ ਰਹੀ ਹੈ।