ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 1 ਜੁਲਾਈ
ਪਿੰਡ ਲੱਖੇਵਾਲੀ ਨੇੜਲੀ ਟਿੱਬਾ ਬਸਤੀ ਦੇ ਵਸਨੀਕ ਦਲਵੀਰ ਸਿੰਘ ਉਰਫ ਦੁੱਲਾ ਨੇ ਦੋ ਪੁਲੀਸ ਮੁਲਾਜ਼ਮਾਂ ’ਤੇ ਚਿੱਟਾ ਵੇਚਣ ਲਈ ਮਜਬੂਰ ਕਰਨ ’ਤੇ ਖ਼ੁਦਕੁਸ਼ੀ ਕਰ ਲਈ। ਇਹ ਘਟਨਾ 24 ਜੂਨ ਨੂੰ ਹੋ ਗਈ ਸੀ ਪਰ ਇਸ ਸਬੰਧੀ ਇਕ ਵੀਡੀਓ ਦਲਵੀਰ ਦੇ ਮੋਬਾਈਲ ਵਿਚੋਂ ਮਿਲੀ ਹੈ ਜਿਹੜੀ ਉਸ ਨੇ ਖੁਦਕੁਸ਼ੀ ਕਰਨ ਤੋਂ ਪਹਿਲਾਂ ਬਣਾਈ ਸੀ। ਵੀਡੀਓ ਮਿਲਣ ਤੋਂ ਬਾਅਦ ਮਾਮਲਾ ਭਖ ਗਿਆ ਹੈ।
ਨੌਜਵਾਨ ਦੇ ਚਾਚੇ ਦਰਸ਼ਨ ਸਿੰਘ ਨੇ ਦੱਸਿਆ ਕਿ ਦਲਵੀਰ ਸਿੰਘ ਨੇ 23 ਜੂਨ ਦੀ ਰਾਤ ਨੂੰ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ ਸੀ ਜਿਸ ਕਰਕੇ ਉਸ ਨੂੰ ਮੁਕਤਸਰ ਦੇ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ, ਜਿਥੇ ਉਸ ਦੀ 24 ਜੂਨ ਨੂੰ ਮੌਤ ਹੋ ਗਈ| ਉਸ ਦਾ ਪੋਸਟਮਾਰਟਮ ਵੀ ਮੁਕਤਸਰ ਦੇ ਸਿਵਲ ਹਸਪਤਾਲ ਵਿੱਚ ਹੋਇਆ| ਉਸ ਵੇਲੇ ਪਰਿਵਾਰ ਨੂੰ ਉਸ ਦੀ ਮੌਤ ਸਬੰਧੀ ਕਿਸੇ ਉਪਰ ਕੋਈ ਸ਼ੱਕ ਨਹੀਂ ਸੀ। ਇਸ ਲਈ ਉਨ੍ਹਾਂ ਦੇ ਬਿਆਨਾਂ ਦੇ ਆਧਾਰ ’ਤੇ ਚੌਕੀ ਲੱਧੂਵਾਲਾ (ਫਾਜ਼ਿਲਕਾ) ਦੀ ਪੁਲੀਸ ਨੇ ਧਾਰਾ 174 ਦੀ ਕਾਰਵਾਈ ਕਰ ਦਿੱਤੀ| ਉਨ੍ਹਾਂ ਦੱਸਿਆ ਕਿ ਦਲਵੀਰ ਸਿੰਘ ਦੇ ਸਸਕਾਰ ਤੋਂ ਬਾਅਦ 27 ਜੂਨ ਨੂੰ ਦਲਵੀਰ ਸਿੰਘ ਦੇ ਮੋਬਾਈਲ ਵਿੱਚੋਂ ਉਸ ਦੀ ਵੀਡੀਓ ਮਿਲੀ। ਉਸ ਵਿੱਚ ਉਸ ਨੇ ਲੱਖੇਵਾਲੀ ਥਾਣੇ ਦੇ ਦੋ ਪੁਲੀਸ ਕਰਮਚਾਰੀਆਂ ਉਪਰ ਚਿੱਟਾ ਵੇਚਣ ਲਈ ਮਜਬੂਰ ਕਰਨ ਦੇ ਦੋਸ਼ ਲਾਏ ਸਨ ਤੇ ਇਨ੍ਹਾਂ ਮੁਲਾਜ਼ਮਾਂ ਦੀ ਵਜ੍ਹਾ ਕਰਕੇ ਹੀ ਉਸ ਨੇ ਆਤਮ ਹੱਤਿਆ ਕਰਨ ਦੀ ਗੱਲ ਵੀਡੀਓ ਵਿੱਚ ਕੀਤੀ| ਦਰਸ਼ਨ ਸਿੰਘ ਨੇ ਵੀਡੀਓ ਸਬੰਧੀ ਚੌਕੀ ਲੱਧੂਵਾਲਾ ਦੇ ਇੰਚਾਰਜ ਏਐੱਸਆਈ ਹਰਦੇਵ ਸਿੰਘ ਬੇਦੀ ਨੂੰ ਸੂਚਨਾ ਦੇ ਦਿੱਤੀ ਅਤੇ ਨਾਲ ਹੀ ਮੋਬਾਈਲ ਵੀ ਪੁਲੀਸ ਕੋਲ ਜਮ੍ਹਾਂ ਕਰਵਾ ਦਿੱਤਾ| ਉਨ੍ਹਾਂ ਕਿਹਾ ਕਿ ਚਾਰ ਦਿਨ ਬੀਤ ਜਾਣ ਤੋਂ ਬਾਅਦ ਵੀ ਪੁਲੀਸ ਵੱਲੋਂ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ। ਇਸ ਦੌਰਾਨ ਚੌਕੀ ਲੱਧੂਵਾਲਾ ਦੇ ਮੁਖੀ ਏਐੱਸਆਈ ਹਰਦੇਵ ਸਿੰਘ ਬੇਦੀ ਨੇ ਦੱਸਿਆ ਕਿ ਮ੍ਰਿਤਕ ਦਲਵੀਰ ਸਿੰਘ ਦਾ ਮੋਬਾਈਲ ਫੋਰੈਂਸਿਕ ਜਾਂਚ ਲਈ ਭੇਜਿਆ ਹੋਇਆ ਹੈ, ਰਿਪੋਰਟ ਆਉਣ ’ਤੇ ਬਣਦੀ ਕਾਰਵਾਈ ਕੀਤੀ ਜਾਵੇਗੀ| ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਦਲਵੀਰ ਸਿੰਘ ਖ਼ਿਲਾਫ਼ ਸੰਗੀਨ ਜੁਰਮਾਂ ਤਹਿਤ ਦਰਜਨ ਭਰ ਕੇਸ ਦਰਜ ਹਨ ਤੇ ਉਸ ਨੇ ਪਹਿਲਾਂ ਵੀ ਇਕ ਵਾਰ ਆਤਮਹੱਤਿਆ ਕਰਨ ਦੀ ਚਿੱਠੀ ਲਿਖੀ ਸੀ| ਇਸ ਲਈ ਪੁਲੀਸ ਇਸ ਮਾਮਲੇ ਲਈ ਕਈ ਪੱਖਾਂ ਤੋਂ ਵਾਚ ਰਹੀ ਹੈ|