ਪੱਤਰ ਪ੍ਰੇਰਕ
ਅਜਨਾਲਾ, 24 ਜੁਲਾਈ
ਇੱਥੋਂ ਨੇੜਲੇ ਪਿੰਡ ਅੰਬ ਕੋਟਲੀ ਦੇ ਵਸਨੀਕ ਨੌਜਵਾਨ ਬਿਕਰਮਜੀਤ ਸਿੰਘ ਦੀ ਸੱਕੀ ਨਾਲੇ ਵਿੱਚ ਨਹਾਉਂਦੇ ਸਮੇਂ ਡੁੱਬਣ ਕਾਰਨ ਮੌਤ ਹੋ ਗਈ। ਗੋਤਾਖੋਰਾਂ ਵੱਲੋਂ 4 ਘੰਟਿਆਂ ਦੀ ਮਿਹਨਤ ਤੋਂ ਬਾਅਦ ਲਾਸ਼ ਲੱਭੀ ਗਈ ਹੈ। ਮ੍ਰਿਤਕ ਦੇ ਪਿਤਾ ਹਰਜੀਤ ਸਿੰਘ ਨੇ ਦੱਸਿਆ ਕਿ ਬਿਕਰਮਜੀਤ ਸਿੰਘ (19) ਆਪਣੇ ਛੋਟੇ ਭਰਾ ਤੇ ਦੋਸਤਾਂ ਨਾਲ ਸੱਕੀ ਨਾਲੇ ਵਿੱਚ ਨਹਾਉਣ ਗਿਆ ਸੀ, ਜਦੋਂ ਉਹ ਅਚਾਨਕ ਡੁੱਬਣ ਲੱਗਿਆ ਤਾਂ ਉਸ ਦੇ ਭਰਾ ਸਾਜਨ ਤੇ ਹੋਰ ਦੋਸਤਾਂ ਵੱਲੋਂ ਬਚਾਉਣ ਦਾ ਯਤਨ ਕੀਤਾ ਗਿਆ ਪਰ ਉਹ ਡੂੰਘੇ ਪਾਣੀ ਵਿੱਚ ਡੁੱਬ ਗਿਆ। ਉਨ੍ਹਾਂ ਦੱਸਿਆ ਕਿ ਇਸ ਨੂੰ ਲੱਭਣ ਲਈ ਪ੍ਰਾਈਵੇਟ ਗੋਤਾਖੋਰਾਂ ਨੂੰ ਬਲਾਇਆ ਗਿਆ। ਥਾਣਾ ਅਜਨਾਲਾ ਦੀ ਪੁਲੀਸ ਨੇ ਪਰਿਵਾਰ ਦੇ ਬਿਆਨਾਂ ’ਤੇ ਕੇਸ ਦਰਜ ਕਰਕੇ ਕਾਰਵਾਈ ਆਰੰਭ ਦਿੱਤੀ ਹੈ।