ਜਤਿੰਦਰ ਸਿੰਘ ਬਾਵਾ
ਸ੍ਰੀ ਗੋਇੰਦਵਾਲ ਸਾਹਿਬ, 27 ਸਤੰਬਰ
ਇੱਥੋਂ ਦੇ ਗੁਰਦੁਆਰਾ ਚੁਬਾਰਾ ਸਾਹਿਬ ਸਾਹਮਣੇ ਪਾਣੀ ਵਾਲੀ ਟੈਂਕੀ ’ਤੇ ਦੋ ਪੀਲੇ ਰੰਗ ਦੇ ਝੰਡੇ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ ਜਿਨ੍ਹਾਂ ਨੂੰ ਖਾਲਸਤਾਨੀ ਝੰਡੇ ਲਹਿਰਾਉਣ ਦੇ ਮਾਮਲੇ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ, ਇਸ ਨਾਲ ਸਥਾਨਕ ਪੁਲੀਸ ਨੂੰ ਭਾਜੜ ਪੈ ਗਈ ਹੈ।
ਸਥਾਨਕ ਲੋਕਾਂ ਨੇ ਦੱਸਿਆ ਕਿ ਇਹ ਝੰਡੇ ਦੋ ਤਿੰਨ ਮਹੀਨਿਆਂ ਤੋਂ ਲੱਗੇ ਹੋਏ ਹਨ ਜੋ ਧਾਰਮਿਕ ਮੇਲੇ ’ਤੇ ਬਾਹਰੋਂ ਆਏ ਕੁਝ ਨੌਜਵਾਨਾਂ ਵੱਲੋਂ ਲਗਾਏ ਗਏ ਸਨ ਜਿਸ ’ਤੇ ਕੁਝ ਵੀ ਇਤਰਾਜ਼ਯੋਗ ਨਹੀਂ ਲਿਖਿਆ ਹੋਇਆ। ਉਨ੍ਹਾਂ ਕਿਹਾ ਹੈ ਕਿ ਇਨ੍ਹਾਂ ਝੰਡਿਆਂ ਨੂੰ ਖਾਲਿਸਤਾਨ ਨਾਲ ਜੋੜਨ ਵਾਲੀ ਕੋਈ ਗੱਲ ਨਹੀਂ ਹੈ। ਇਸ ਨਾਲ ਹੀ ਨਜ਼ਦੀਕ ਕੰਧ ਉਪਰ ਪੀਲੇ ਰੰਗ ਨਾਲ ਅੰਗਰੇਜ਼ੀ ਭਾਸ਼ਾ ਵਿੱਚ 2020 ਖਾਲਿਸਤਾਨ ਜ਼ਿੰਦਾਬਾਦ ਲਿਖਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਇਹ ਸਾਰਾ ਮਾਮਲਾ ਅੱਜ ਹੀ ਮੀਡੀਆ ਅਤੇ ਪੁਲੀਸ ਪ੍ਰਸ਼ਾਸਨ ਦੇ ਧਿਆਨ ਵਿੱਚ ਆਇਆ ਹੈ। ਐਸਐਚਓ ਹਰਿੰਦਰ ਸਿੰਘ ਨੇ ਦੱਸਿਆ ਕਿ ਪੜਤਾਲ ਦੌਰਾਨ ਸਾਹਮਣੇ ਆਇਆ ਹੈ ਕਿ ਇਹ ਝੰਡੇ ਮੇਲੇ ਦੌਰਾਨ ਆਏ ਕੁੱਝ ਨੌਜਵਾਨਾਂ ਵੱਲੋ ਆਪਣੇ ਟਰੈਕਟਰਾਂ ਤੋਂ ਉਤਾਰ ਕੇ ਟੈਂਕੀ ’ਤੇ ਲਾ ਦਿੱਤੇ ਸਨ, ਇਨ੍ਹਾਂ ’ਤੇ ਕੁਝ ਵੀ ਇਤਰਾਜ਼ਯੋਗ ਨਹੀਂ ਲਿਖਿਆ ਹੋਇਆ। ਪੁਲੀਸ ਵੱਲੋਂ ਕੇਸਰੀ ਝੰਡਿਆਂ ਨੂੰ ਉਤਾਰ ਦਿੱਤਾ ਗਿਆ ਹੈ।