ਐਨਪੀ ਧਵਨ
ਪਠਾਨਕੋਟ, 9 ਸਤੰਬਰ
ਭਾਰਤੀ ਥਲ ਸੈਨਾ, ਐੱਨਡੀਆਰਐੱਫ ਤੇ ਮਾਕਰੋਸ ਗੋਤਾਖੋਰਾਂ ਨੇ ਆਧੁਨਿਕ ਯੰਤਰਾਂ ਰਾਹੀਂ ਹਾਦਸਾਗ੍ਰਸਤ ਹੋ ਕੇ ਰਣਜੀਤ ਸਾਗਰ ਡੈਮ ਦੀ ਝੀਲ ਵਿੱਚ ਡਿੱਗੇ ਹੈਲੀਕਾਪਟਰ ਦਾ ਮਲਬਾ ਅੱਜ 38ਵੇਂ ਦਿਨ ਲੱਭ ਲਿਆ ਹੈ। ਇਸ ਦੇ ਨਾਲ ਹੀ ਹੈਲੀਕਾਪਟਰ ਦਾ ਬਲੈਕ ਬਾਕਸ ਵੀ ਹਾਸਲ ਕਰ ਲਿਆ ਗਿਆ ਹੈ।
ਇਸ ਬਾਰੇ ਡੀਐੱਸਪੀ ਦਿਹਾਤੀ ਰਵਿੰਦਰ ਸਿੰਘ ਰੂਬੀ ਤੇ ਡੈਮ ਦੇ ਐੱਸਈ ਹੈੱਡਕੁਆਰਟਰ ਨਰੇਸ਼ ਮਹਾਜਨ ਨੇ ਦੱਸਿਆ ਕਿ ਇਸ ਹੈਲੀਕਾਪਟਰ ਨੇ 3 ਅਗਸਤ ਨੂੰ ਸਵੇਰੇ 10.20 ’ਤੇ ਮਾਮੂਨ ਛਾਉਣੀ ਤੋਂ ਉਡਾਣ ਭਰੀ ਸੀ ਤੇ ਲਗਪਗ 10.30 ਵਜੇ ਰਣਜੀਤ ਸਾਗਰ ਡੈਮ ਦੀ ਝੀਲ ਉਪਰੋਂ ਘੁੰਮਦੇ ਹੋਏ ਤਕਨੀਕੀ ਖਰਾਬੀ ਆ ਜਾਣ ਕਾਰਨ ਹੈਲੀਕਾਪਟਰ ਝੀਲ ’ਚ ਜਾ ਡਿੱਗਿਆ ਸੀ। ਇਸ ਵਿੱਚ ਪਾਇਲਟ ਲੈਫਟੀਨੈਂਟ ਕਰਨਲ ਏਐੱਸ ਬਾਠ ਤੇ ਸਹਿ ਪਾਇਲਟ ਜੈਯੰਤ ਜੋਸ਼ੀ ਸਵਾਰ ਸਨ। ਥਲ ਸੈਨਾ, ਹਵਾਈ ਸੈਨਾ ਤੇ ਜਲ ਸੈਨਾ ਦੇ ਅਧਿਕਾਰੀਆਂ ਤੇ ਜਵਾਨਾਂ ਨੇ ਉਸੇ ਦਿਨ ਤੋਂ ਡੈਮ ਪ੍ਰਾਜੈਕਟ ਦੀ ਝੀਲ ਕਿਨਾਰੇ ਆਪਣਾ ਡੇਰਾ ਲਾ ਲਿਆ ਸੀ। ਇਸ ਲਈ ਮਾਕਰੋਸ ਨੇਵੀ ਦੇ ਗੋਤਾਖੋਰਾਂ ਨੂੰ ਵੀ ਬੁਲਾ ਕੇ ਜੰਗੀ ਪੱਧਰ ’ਤੇ ਹੈਲੀਕਾਪਟਰ ਅਤੇ ਲਾਪਤਾ ਪਾਇਲਟਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਸੀ। ਝੀਲ ਵਿੱਚ ਦਲਦਲ ਅਤੇ ਡੂੰਘਾਈ ਜ਼ਿਆਦਾ ਹੋਣ ਕਾਰਨ ਹੁਣ ਤੱਕ ਇਸ ਕੰਮ ਵਿੱਚ ਸਫ਼ਲਤਾ ਨਹੀਂ ਮਿਲ ਸਕੀ ਸੀ। ਇਸ ਮਗਰੋਂ ਸੈਨਾ ਵੱਲੋਂ ਰੋਬੋਟਿਕ ਯੰਤਰਾਂ ਨੂੰ ਵੀ ਝੀਲ ਵਿੱਚ ਉਤਾਰਿਆ ਗਿਆ ਸੀ, ਜਿਸ ਰਾਹੀਂ ਝੀਲ ’ਚ ਡਿੱਗੇ ਹੈਲੀਕਾਪਟਰ ਨੂੰ ਲਭ ਲਿਆ ਗਿਆ ਸੀ, ਪਰ ਉਸ ’ਚ ਸਵਾਰ ਪਾਇਲਟਾਂ ਦਾ ਹਾਲੇ ਵੀ ਕੋਈ ਪਤਾ ਨਹੀਂ ਸੀ ਚੱਲਿਆ। 13ਵੇਂ ਦਿਨ ਬਾਅਦ ਲੈਫਟੀਨੈਂਟ ਕਰਨਲ ਏਐੱਸ ਬਾਠ ਦੀ ਲਾਸ਼ ਝੀਲ ਵਿੱਚੋਂ ਲੱਭ ਲਈ ਗਈ ਸੀ। ਆਖਿਰਕਾਰ ਸੈਨਾ ਨੇ ਅੱਜ ਆਪਣੇ ਵੱਡੇ ਬੇੜਿਆਂ ਵਿੱਚ ਝੀਲ ਅੰਦਰ ਪੁੱਜ ਕੇ ਕਰੇਨਾਂ ਰਾਹੀਂ ਉਕਤ ਡਿੱਗੇ ਹੋਏ ਹੈਲੀਕਾਪਟਰ ਦੇ ਮਲਬੇ ਨੂੰ ਬਾਹਰ ਕੱਢ ਲਿਆ ਤੇ ਉਸ ਦਾ ਬਲੈਕ ਬਾਕਸ ਵੀ ਆਪਣੇ ਕਬਜ਼ੇ ਵਿੱਚ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਡੈਮ ਪ੍ਰਸ਼ਾਸਨ ਦੇ ਐੱਸਈ ਹੈੱਡਕੁਆਰਟਰ ਨਰੇਸ਼ ਮਹਾਜਨ ਨੇ ਦੱਸਿਆ ਕਿ ਡੈਮ ਪ੍ਰਸ਼ਾਸਨ ਵੱਲੋਂ ਹੈਲੀਕਾਪਟਰ ਨੂੰ ਬਾਹਰ ਕੱਢਣ ਲਈ ਆਪਣੇ 2 ਸਮੁੰਦਰੀ ਜਹਾਜ਼ ਜੈ ਤੇ ਵਿਜੈ ਵੀ ਸੈਨਾ ਨੂੰ ਦੇ ਦਿੱਤੇ ਸਨ ਤੇ ਇਸ ਦੇ ਨਾਲ ਹੀ ਆਪਣਾ ਸਟਾਫ ਵੀ ਦਿੱਤਾ ਸੀ ਤਾਂ ਜੋ ਹੈਲੀਕਾਪਟਰ ਅਤੇ ਪਾਇਲਟ ਮਿਲ ਸਕਣ, ਪਰ ਹੁਣ ਤੱਕ ਨੂੰ ਪਾਇਲਟ ਜੈਯੰਤ ਜੋਸ਼ੀ ਦਾ ਕੋਈ ਪਤਾ ਨਹੀਂ ਲੱਗ ਸਕਿਆ। ਭਾਰਤੀ ਸੈਨਾ, ਐੱਨਡੀਆਰਐੱਫ, ਮਾਕਰੋਸ ਨੇਵੀ ਤੇ ਹੋਰ ਏਜੰਸੀਆਂ ਵੱਲੋਂ ਝੀਲ ਵਿੱਚ ਉਕਤ ਪਾਇਲਟ ਦੀ ਤਲਾਸ਼ ਕੀਤੀ ਜਾ ਰਹੀ ਹੈ।