ਪਾਲ ਸਿੰਘ ਨੌਲੀ
ਜਲੰਧਰ, 23 ਦਸੰਬਰ
ਸਿੰਘੂ ਬਾਰਡਰ ’ਤੇ ਪਹੁੰਚਣ ਤੋਂ ਪਹਿਲਾਂ ਰੋਕਾਂ ਤੋੜਨ ਸਮੇਂ ਫੱਟੜ ਹੋਏ ਕਿਸਾਨਾਂ ਦੇ ਜ਼ਖ਼ਮ ਹਾਲੇ ਵੀ ਰਿੱਸ ਰਹੇ ਹਨ। ਇਸ ਦੇ ਬਾਵਜੂਦ ਉਹ ਆਪਣੀਆਂ ਮੰਗਾਂ ਲਈ 27 ਦਿਨਾਂ ਤੋਂ ਮੋਰਚੇ ’ਤੇ ਡਟੇ ਹੋਏ ਹਨ। ਜ਼ਖ਼ਮੀ ਕਿਸਾਨਾਂ ਦੀ ਮੱਲ੍ਹਮ ਪੱਟੀ ਕਰਨ ਵਾਲੇ ਡਾਕਟਰਾਂ ਨੇ ਕਿਹਾ ਕਿ ਉਨ੍ਹਾਂ ਦਾ ਜਜ਼ਬਾ ਹੀ ਦਰਦ ਨੂੰ ਮਹਿਸੂਸ ਨਹੀਂ ਹੋਣ ਦੇ ਰਿਹਾ। ਪੰਜਾਬ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ (ਪਿਮਸ) ਦੇ ਪੰਜ ਨੌਜਵਾਨ ਡਾਕਟਰ ਸੇਵਾ ਕਰਨ ਲਈ ਦੋ ਦਿਨਾਂ ਤੋਂ ਸਿੰਘੂ ਬਾਰਡਰ ’ਤੇ ਡਟੇ ਹੋਏ ਹਨ। ਸਵੈ-ਇੱਛਾ ਨਾਲ ਗਈ ਇਸ ਟੀਮ ਵਿਚ ਡਾ. ਸੰਦੀਪ ਕੌਰ, ਡਾ. ਮਨਦੀਪ ਕੌਰ, ਡਾ. ਜਸਦੀਪ ਕੌਰ, ਡਾ. ਦਲਜੀਤ ਸਿੰਘ ਕੰਗ ਅਤੇ ਡਾ. ਅਕਾਸ਼ਦੀਪ ਸਿੰਘ ਸੰਧੂ ਸ਼ਾਮਲ ਹਨ। ਇਨ੍ਹਾਂ ਡਾਕਟਰਾਂ ਨੇ ਦੱਸਿਆ ਕਿ ਉਨ੍ਹਾਂ ਨੇ ਸਾਂਝੇ ਤੌਰ ’ਤੇ 10 ਹਜ਼ਾਰ ਰੁਪਏ ਦੀਆਂ ਦਵਾਈਆਂ ਲਈਆਂ ਸਨ ਪਰ ਇਹ ਸਾਰੀਆਂ ਦਵਾਈਆਂ ਤਿੰਨਾਂ ਘੰਟਿਆਂ ਵਿਚ ਹੀ ਖ਼ਤਮ ਹੋ ਗਈਆਂ। ਉਹ ਸੋਚ ਰਹੇ ਸਨ ਕਿ ਹੁਣ ਉਹ ਕੀ ਕਰਨਗੇ, ਇੰਨੇ ਨੂੰ ਮੋਰਚੇ ਵਿਚ ਇਕ ਟਰਾਲੀ ਆਈ, ਜਿਸ ’ਚੋਂ ਦਵਾਈਆਂ ਦਾ ਡੱਬਾ ਫੜਾਉਂਦਿਆਂ ਕਿਸਾਨਾਂ ਨੇ ਕਿਹਾ ਕਿ ਉਨ੍ਹਾਂ ਦੇ ਪਿੰਡੋਂ ਡਾਕਟਰ ਨੇ ਦਵਾਈਆਂ ਭੇਜੀਆਂ ਸਨ ਪਰ ਗਿਆਨ ਨਾ ਹੋਣ ਕਾਰਨ ਉਹ ਕਿਸੇ ਨੂੰ ਇਹ ਦਵਾਈਆਂ ਵੰਡ ਨਹੀਂ ਸੀ ਸਕਦੇ। ਂ ਡਾ. ਸੰਦੀਪ ਕੌਰ ਨੇ ਦੱਸਿਆ ਕਿ ਪਹਿਲੇ ਦਿਨ ਹੀ ਉਨ੍ਹਾਂ ਦੀ ਟੀਮ ਨੇ ਇਕ ਹਜ਼ਾਰ ਤੋਂ ਵੱਧ ਕਿਸਾਨਾਂ ਤੇ ਮਜ਼ਦੂਰਾਂ ਦਾ ਮੈਡੀਕਲ ਚੈੱਕਅੱਪ ਕੀਤਾ। ਬਹੁਤੇ ਮਰੀਜ਼ ਸ਼ੂਗਰ ਤੇ ਬਲੱਡ ਪ੍ਰੈਸ਼ਰ ਦੀ ਸਮੱਸਿਆ ਵਾਲੇ ਸਨ ਪਰ ਉਨ੍ਹਾਂ ਨੂੰ ਹੈਰਾਨੀ ਉਦੋਂ ਹੋਈ ਜਦੋਂ ਰੋਕਾਂ ਤੋੜਨ ਸਮੇਂ ਜ਼ਖ਼ਮੀ ਹੋਏ ਕਿਸਾਨਾਂ ਦੇ ਜ਼ਖ਼ਮ ਅਜੇ ਵੀ ਅੱਲ੍ਹੇ ਸਨ। ਡਾ. ਮਨਦੀਪ ਕੌਰ ਨੇ ਦੱਸਿਆ ਕਿ ਹੇਮਕੁੰਟ ਫਾਊਂਡੇਸ਼ਨ ਨੇ ਉਨ੍ਹਾਂ ਨੂੰ ਮੈਡੀਕਲ ਕੈਂਪ ਲਾਉਣ ਵਿਚ ਬਹੁਤ ਮਦਦ ਕੀਤੀ ਹੈ।