ਸੰਜੀਵ ਬੱਬੀ
ਚਮਕੌਰ ਸਾਹਿਬ, 13 ਅਕਤੂਬਰ
ਪੰਜਾਬ ਵਿੱਚ ਸਰਕਾਰ ਬਦਲਣ ਮਗਰੋਂ ਚਮਕੌਰ ਸਾਹਿਬ ਦੇ ਵਿਕਾਸ ਕਾਰਜਾਂ ਨੂੰ ਬਰੇਕ ਲੱਗ ਗਈ ਹੈ। ਪਿਛਲੀ ਕੈਪਟਨ ਸਰਕਾਰ ਸਮੇਂ ਤਤਕਾਲੀ ਵਿਧਾਇਕ ਚਰਨਜੀਤ ਸਿੰਘ ਚੰਨੀ ਕੈਬਨਿਟ ਮੰਤਰੀ ਬਣਨ ਮਗਰੋਂ ਚਮਕੌਰ ਸਾਹਿਬ ਥੀਮ ਪਾਰਕ ਦੇ ਕੰਮ ਨੇ ਕੁਝ ਤੇਜ਼ੀ ਫੜੀ ਸੀ ਅਤੇ ਸਕਿੱਲ ਇੰਸਟੀਚਿਊਟ ਦਾ ਨਿਰਮਾਣ ਵੀ ਸ਼ੁਰੂ ਹੋਇਆ ਸੀ। ਇਸ ਦੇ ਨਾਲ ਹੀ ਚਮਕੌਰ ਸਾਹਿਬ ਦੇ ਸੁੰਦਰੀਕਰਨ ਦਾ ਪ੍ਰਾਜੈਕਟ ਨੇਪਰੇ ਚਾੜ੍ਹਿਆ ਗਿਆ ਸੀ । ਚੰਨੀ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਸਤਲੁਜ ਦਰਿਆ ਤੇ ਪੁਲ ਦਾ ਨੀਂਹ ਪੱਥਰ ਰੱਖਣ ਸਮੇਤ ਮੋਰਿੰਡਾ — ਚਮਕੌਰ ਸਾਹਿਬ-ਬੇਲਾ ਸੜਕ ਨੂੰ ਚੌੜਾ ਕਰਨ ਦਾ ਕੰਮ ਵੀ ਸ਼ੁਰੂ ਕਰਵਾਇਆ ਗਿਆ ਸੀ। ਪਰ ਫਰਵਰੀ ਮਹੀਨੇ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਅਤੇ ਚਮਕੌਰ ਸਾਹਿਬ ਤੋਂ ਚੰਨੀ ਦੀ ਹਾਰ ਤੋਂ ਬਾਅਦ ਵਿਕਾਸ ਦੀ ਤੋਰ ਮੱਠੀ ਜਿਹੀ ਹੀ ਪੈ ਗਈ ਹੈ। ਸਤਲੁਜ ਦਰਿਆ ਤੇ ਕਸਬਾ ਬੇਲਾ ਨੇੜੇ ਲੱਗਣ ਵਾਲੇ ਪੁਲ ਦਾ ਕੰਮ ਤਾਂ ਸ਼ੁਰੂ ਹੀ ਨਹੀਂ ਹੋ ਸਕਿਆ। ਜਦੋਂ ਕਿ ਸਕਿੱਲ ਇੰਸਟੀਚਿਊਟ ਦਾ ਕੰਮ ਬੇਹੱਦ ਮੱਠਾ ਪੈ ਗਿਆ ਹੈ। ਇਸ ਤਰ੍ਹਾਂ ਮੇਨ ਸੜਕ ’ਤੇ ਬਣ ਰਹੇ ਸਵਾਗਤੀ ਗੇਟਾਂ ਤੋਂ ਇਲਾਵਾ ਮੋਰਿੰਡਾ-ਚਮਕੌਰ ਸਾਹਿਬ ਸੜਕ ਚੌੜੀ ਕਰਨ ਦਾ ਕੰਮ ਵੀ ਤਕਰੀਬਨ ਠੱਪ ਜਿਹਾ ਹੀ ਹੋ ਗਿਆ ਹੈ। ਰੁਕੇ ਵਿਕਾਸ ਕਾਰਜਾਂ ਕਾਰਨ ਲੋਕਾਂ ਵਿੱਚ ਰੋਸਾ ਵੇਖਣ ਨੂੰ ਮਿਲ ਰਿਹਾ ਹੈ।
ਦੂਜੇ ਪਾਸੇ ਇਸ ਸਬੰਧੀ ਲੋਕ ਨਿਰਮਾਣ ਵਿਭਾਗ ਦੇ ਐੱਸਡੀਓ ਲਖਵਿੰਦਰ ਸਿੰਘ ਨੇ ਦੱਸਿਆ ਕਿ ਸਵਾਗਤੀ ਗੇਟਾਂ ਲਈ ਸਰਕਾਰ ਵੱਲੋਂ ਠੇਕੇਦਾਰ ਨੂੰ ਅਦਾਇਗੀ ਕੀਤੀ ਜਾ ਰਹੀ ਹੈ ਅਤੇ ਸਰਹਿੰਦ ਨਹਿਰ ਦੇ ਪੁਲ ਨੇੜੇ ਬਣ ਰਹੇ ਸਵਾਗਤੀ ਗੇਟ ਦਾ ਕੰਮ ਜਲਦੀ ਸ਼ੁਰੂ ਕਰਵਾਇਆ ਜਾਵੇਗਾ। ਮੋਰਿੰਡਾ ਰੋਡ ’ਤੇ ਬਣ ਰਹੇ ਸਵਾਗਤੀ ਗੇਟ ਦਾ ਕੰਮ ਕੋਰਟ ਕੇਸ ਕਰਕੇ ਰੁਕ ਗਿਆ ਸੀ ਪਰ ਹੁਣ ਮਸਲਾ ਹੱਲ ਹੋ ਗਿਆ ਹੈ ਅਤੇ ਕੰਮ ਜਲਦੀ ਸ਼ੁਰੂ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਮੋਰਿੰਡਾ-ਚਮਕੌਰ ਸਾਹਿਬ ਤੇ ਬੇਲਾ ਸੜਕ ਨੂੰ ਚੌੜਾ ਕਰਨ ਦਾ ਕੰਮ ਰੁੱਖਾਂ ਦੀ ਪੁਟਾਈ ਤੋਂ ਬਾਅਦ ਸ਼ੁਰੂ ਹੋ ਜਾਵੇਗਾ। ਇਸ ਦੌਰਾਨ ਸਤਲੁਜ ਦਰਿਆ ’ਤੇ ਪੁਲ ਬਾਰੇ ਭਰੋਸੇਯੋਗ ਸੂਤਰਾਂ ਦਾ ਕਹਿਣਾ ਹੈ ਕਿ ਇਹ ਮਸਲਾ ਸਬੰਧਤ ਵਿਭਾਗ ਲਈ ਗੁੰਝਲਦਾਰ ਬਣਿਆ ਹੋਇਆ ਹੈ। ਜਦੋਂ ਕਿ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਸਾਬਕਾ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਸਬਾ ਬੇਲਾ ਵਿਖੇ ਪੁਲ ਦੇ ਨੀਂਹ ਪੱਥਰ ਰੱਖਣ ਸਮੇਂ ਗ੍ਰਾਂਟ ਤੱਕ ਜਾਰੀ ਹੋ ਜਾਣ ਤੱਕ ਦੀ ਗੱਲ ਕਹੀ ਸੀ। ਇਲਾਕਾ ਵਾਸੀਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਚਮਕੌਰ ਸਾਹਿਬ ਦੇ ਵਿਕਾਸ ਕਾਰਜ ਜਲਦੀ ਪੂਰੇ ਕਰਵਾਉਣ ਦੀ ਮੰਗ ਕੀਤੀ ਹੈ।