ਰਵਿੰਦਰ ਰਵੀ
ਬਰਨਾਲਾ, 18 ਫਰਵਰੀ
ਸੰਯੁਕਤ ਕਿਸਾਨ ਮੋਰਚੇ ਦੇ ਰੇਲ ਰੋਕੋ ਪ੍ਰੋਗਰਾਮ ਦੇ ਸੱਦੇ ਤਹਿਤ ਅੱਜ ਹਜ਼ਾਰਾਂ ਕਿਸਾਨ ਬੀਬੀਆਂ, ਬੱਚੀਆਂ ਅਤੇ ਕਿਸਾਨਾਂ ਨੇ ਕਾਫ਼ਲੇ ਬੰਨ੍ਹ ਕੇ ਬਰਨਾਲਾ ਰੇਲਵੇ ਟਰੈਕ ਅਤੇ ਖੁੱਡੀ ਕਲਾਂ ਰੇਲਵੇ ਟਰੈਕ ਦੁਪਹਿਰ 12 ਤੋਂ ਸ਼ਾਮ 4 ਵਜੇ ਤਕ ਚਾਰ ਘੰਟੇ ਲਈ ਪੂਰੀ ਤਰ੍ਹਾਂ ਜਾਮ ਰੱਖਿਆ। ਕਿਸਾਨਾਂ ਨੇ ਰੇਲ ਪਟੜੀਆਂ ’ਤੇ ਦਰੀਆਂ ਵਿਛਾ ਕੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਅੱਜ ਧਰਨਿਆਂ ਨੂੰ ਸੰਬੋਧਨ ਕਰਦਿਆਂ ਮਾਸਟਰ ਹਰਚਰਨ ਸਿੰਘ ਚੰਨਾ, ਬਲੌਰ ਸਿੰਘ ਛੰਨਾ, ਗੁਰਦੇਵ ਸਿੰਘ ਮਾਂਗੇਵਾਲ, ਬਾਬੂ ਸਿੰਘ ਖੁੱਡੀ ਕਲਾਂ, ਅਮਰਜੀਤ ਕੌਰ, ਕਾਕਾ ਸਿੰਘ ਫਰਵਾਹੀ, ਪ੍ਰੇਮਪਾਲ ਕੌਰ ਅਤੇ ਨਿਰੰਜਣ ਸਿੰਘ ਠੀਕਰੀਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਥਾਂ ਹੁਣ ਸੋਧ ਕਰਨ ਲਈ ਆਖ ਰਹੀ ਹੈ। ਜਦੋਂ ਤਕ ਤਿੰਨੋਂ ਖੇਤੀ ਕਾਨੂੰਨਾਂ ਨੂੰ ਰੱਦ ਨਹੀਂ ਕੀਤਾ ਜਾਂਦਾ, ਸੰਘਰਸ਼ ਜਾਰੀ ਰਹੇਗਾ। ਆਗੂਆਂ ਨੇ ਕਿਹਾ ਕਿ ਕਿਸਾਨਾਂ ਦੇ ਇਸ ਅੰਦੋਲਨ ਨੂੰ ਹਰ ਵਰਗ ਦਾ ਸਹਿਯੋਗ ਮਿਲ ਰਿਹਾ ਹੈ। ਦਿੱਲੀ ਦੀਆਂ ਵੱਖ-ਵੱਖ ਹੱਦਾਂ ’ਤੇ ਡਟੀਆਂ ਕਿਸਾਨ ਜਥੇਬੰਦੀਆਂ ਮਜ਼ਬੂਤ ਹੋ ਰਹੀਆਂ ਹਨ।