ਸ੍ਰੀ ਮੁਕਤਸਰ ਸਾਹਿਬ: ਇੱਕ ਵਿਅਕਤੀ ਦੀ ਮੌਤ ਦੇ ਢਾਈ ਮਹੀਨਿਆਂ ਮਗਰੋਂ ਉਸ ਦੀ ਪੋਸਟ ਮਾਰਟਮ ਰਿਪੋਰਟ ਤੋਂ ਅੱਜ ਖੁਲਾਸਾ ਹੋਇਆ ਹੈ ਕਿ ਉਸ ਦੀ ਮੌਤ ਕੁਦਰਤੀ ਨਹੀਂ ਸੀ, ਸਗੋਂ ਉਸ ਦੀ ਹੱਤਿਆ ਕੀਤੀ ਗਈ ਸੀ। ਮ੍ਰਿਤਕ ਦੀ ਪਛਾਣ ਜਸਵੀਰ ਸਿੰਘ ਵਜੋਂ ਦੱਸੀ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮਲੋਟ ਵਾਸੀ ਜਸਵੀਰ ਕੈਂਸਰ ਦਾ ਮਰੀਜ਼ ਸੀ, ਜਿਸ ਦੀ ਮੌਤ 11 ਅਪਰੈਲ ਨੂੰ ਹੋਈ ਸੀ। ਪਹਿਲਾਂ ਇਹ ਮੌਤ ਸਾਧਾਰਨ ਤੌਰ ‘ਤੇ ਹੋਈ ਦੱਸੀ ਗਈ ਸੀ, ਪਰ ਹਾਲ ਹੀ ਵਿੱਚ ਪੋਸਟ ਮਾਰਟਮ ਦੀ ਰਿਪੋਰਟ ਸਾਹਮਣੇ ਆਉਣ ਮਗਰੋਂ ਸਾਹਮਣੇ ਆਇਆ ਹੈ ਕਿ ਇਹ ਮੌਤ ਗਲਾ ਘੁੱਟਣ ਕਰ ਕੇ ਹੋਈ ਸੀ। ਇਹ ਜਾਣਕਾਰੀ ਸਾਹਮਣੇ ਆਉਣ ਮਗਰੋਂ ਸਥਾਨਕ ਪੁਲੀਸ ਨੇ ਮ੍ਰਿਤਕ ਦੀ ਪਤਨੀ ਅਤੇ ਉਸ ਦੇ ਇੱਕ ਸਾਥੀ ਨੂੰ ਕਤਲ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜਸਵੀਰ ਸਿੰਘ ਦਾ ਵਿਆਹ ਕਰੀਬ 33 ਸਾਲ ਪਹਿਲਾਂ ਪਰਮਜੀਤ ਕੌਰ ਨਾਲ ਹੋਇਆ ਸੀ ਤੇ ਆਪਣੇ ਆਖਰੀ ਸਮੇਂ ਵਿੱਚ ਉਹ ਕੈਂਸਰ ਦੀ ਬਿਮਾਰੀ ਤੋਂ ਪੀੜਤ ਸੀ। ਜਸਵੀਰ ਦੇ ਭਰਾ ਹਰਨੇਕ ਸਿੰਘ ਨੇ ਦੱਸਿਆ ਕਿ ਪਰਮਜੀਤ ਦੇ ਕਿਸੇ ਨਾਲ ਸਬੰਧ ਹੋਣ ਕਰਕੇ ਅਕਸਰ ਜਸਵੀਰ ਤੇ ਪਰਮਜੀਤ ‘ਚ ਝਗੜਾ ਹੁੰਦਾ ਸੀ। ਜਸਵੀਰ ਦੀ ਅਚਾਨਕ ਮੌਤ ਹੋ ਜਾਣ ‘ਤੇ ਉਸ ਦੇ ਪਿਤਾ ਨੇ ਮਲੋਟ ਦੇ ਸਿਵਲ ਹਸਪਤਾਲ ‘ਚ ਉਸ ਦਾ ਪੋਸਟ ਮਾਰਟਮ ਕਰਵਾਇਆ ਸੀ, ਜਿਸ ਦੀ ਰਿਪੋਰਟ ਹੁਣ ਹਾਸਲ ਹੋਈ ਹੈ। -ਨਿੱਜੀ ਪੱਤਰ ਪ੍ਰੇਰਕ