ਦੇਵਿੰਦਰ ਸਿੰਘ ਜੱਗੀ
ਪਾਇਲ, 15 ਮਾਰਚ
ਵਿਧਾਨ ਸਭਾ ਚੋਣਾਂ ਹਾਰਨ ਤੋਂ ਬਾਅਦ ਅੱਜ ਹਲਕਾ ਪਾਇਲ ਦੇ ਵਰਕਰਾਂ ਅਤੇ ਅਹੁਦੇਦਾਰਾਂ ਦੀ ਮੀਟਿੰਗ ਸਥਾਨਕ ਪੈਲੇਸ ਵਿੱਚ ਹੋਈ ਜਿਸ ਵਿੱਚ ਸਾਬਕਾ ਮੰਤਰੀ ਤੇਜ ਪ੍ਰਕਾਸ਼ ਸਿੰਘ ਕੋਟਲੀ, ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ, ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ, ਜ਼ਿਲ੍ਹਾ ਪ੍ਰਧਾਨ ਰੁਪਿੰਦਰ ਸਿੰਘ ਰਾਜਾ ਗਿੱਲ, ਚੇਅਰਮੈਨ ਯਾਦਵਿੰਦਰ ਸਿੰਘ ਜੰਡਾਲੀ ਅਤੇ ਪ੍ਰਧਾਨ ਮਲਕੀਤ ਸਿੰਘ ਗੋਗਾ ਪਾਇਲ ਵੀ ਹਾਜ਼ਰ ਸਨ।
ਇਸ ਮੌਕੇ ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ ਨੇ ਕਿਹਾ,‘‘ ‘ਆਪ’ ਦੀ ਹਵਾ ਸਾਡੇ ਸੀਨੀਅਰ ਲੀਡਰਾਂ ਨੇ ਖੁਦ ਲੋਕਾਂ ਨੂੰ ਗੁਮਰਾਹ ਕਰ ਕੇ ਬਣਾਈ ਹੈ, ਜਿਸ ਦਾ ਖਮਿਆਜ਼ਾ ਪੂਰੇ ਸੂਬੇ ਨੂੰ ਭੁਗਤਣਾ ਪਿਆ ਹੈ।’’ ਸ੍ਰੀ ਕੋਟਲੀ ਨੇ ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੂਲੋਂ ’ਤੇ ਵਰ੍ਹਦਿਆਂ ਕਿਹਾ ਕਿ ਜਦੋਂ ਵੀ ਕਾਂਗਰਸ ਸਰਕਾਰ ਕੋਈ ਐਲਾਨ ਕਰਦੀ ਸੀ, ਉਹ ਉਦੋਂ ਹੀ ਪ੍ਰੈੱਸ ਕਾਨਫਰੰਸ ਕਰ ਕੇ ਸਰਕਾਰ ਦੇ ਫ਼ੈਸਲੇ ’ਤੇ ਉਂਗਲ ਚੁੱਕਦੇ ਰਹੇ ਹਨ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵੀ ਸਾਢੇ ਚਾਰ ਸਾਲ ਕਾਂਗਰਸ ਦਾ ਵੱਡਾ ਨੁਕਸਾਨ ਕਰਨ ਤੋਂ ਬਾਅਦ ਪਾਰਟੀ ਛੱਡ ਗਏ। ਸ੍ਰੀ ਕੋਟਲੀ ਨੇ ‘ਆਪ’ ਦੇ ਹਲਕਾ ਵਿਧਾਇਕ ਇੰਜਨੀਅਰ ਮਨਵਿੰਦਰ ਸਿੰਘ ਗਿਆਸਪੁਰਾ ’ਤੇ ਅਤਿਵਾਦੀ ਹੋਣ ਦਾ ਦੋਸ਼ ਲਾਇਆ ਹੈ। ਉਨ੍ਹਾਂ ਕਾਂਗਰਸ ਪਾਰਟੀ ਨਾਲ ਸਬੰਧਤ ਕਾਰਕੁਨਾਂ ਨੂੰ ਲਾਮਬੰਦੀ ਦਾ ਸੱਦਾ ਦਿੱਤਾ ਹੈ। ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ ਨੇ ਕਿਹਾ ਕਿ ਵਿਧਾਇਕ ਗਿਆਸਪੁਰਾ ਬਿਨਾਂ ਕਿਸੇ ਗੱਲ ਦੇ ਦਰੀਆਂ ਵਿਛਾ ਕੇ ਬੈਠ ਜਾਂਦਾ ਸੀ ਅਤੇ ਲੋਕਾਂ ਨੂੰ ਗੁਮਰਾਹ ਕਰਦਾ ਰਿਹਾ ਹੈ। ਮੀਟਿੰਗ ’ਚ ਹਾਜ਼ਰ ਆਗੂਆਂ ਨੇ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਵਿੱਚੋਂ ਸਭ ਤੋਂ ਵੱਧ ਗੁਮਰਾਹ ਕਰਨ ਵਾਲਿਆਂ ਵਿੱਚ ਸ਼ਮਸ਼ੇਰ ਸਿੰਘ ਦੂਲੋਂ, ਕੈਪਟਨ ਅਮਰਿੰਦਰ ਸਿੰਘ, ਸੁਨੀਲ ਜਾਖੜ ਅਤੇ ਨਵਜੋਤ ਸਿੰਘ ਸਿੱਧੂ ਨੂੰ ਸ਼ਾਮਲ ਕੀਤਾ ਗਿਆ ਹੈ। ਸ੍ਰੀ ਲੱਖਾ ਨੇ ਬਾਹੋਮਾਜਰਾ ਦੀ ਨਾਜਾਇਜ਼ ਸ਼ਰਾਬ ਫੈਕਟਰੀ ਬਾਰੇ ਕਿਹਾ, ‘‘ਸਾਡੇ ਖ਼ਿਲਾਫ਼ ਦੂਸ਼ਣਬਾਜ਼ੀ ਹੁੰਦੀ ਰਹੀ ਹੈ, ਅਸੀਂ ਖੁਦ ਮੰਗ ਕਰਦੇ ਹਾਂ ਕਿ ਮੌਜੂਦਾ ਵਿਧਾਇਕ ਇਸ ਦੀ ਜਾਂਚ ਕਰਵਾਏ।’’
ਅੰਗਰਿਸ਼ ਨੇ ਸਟੇਜ ਉੱਪਰ ਹੀ ਕਾਂਗਰਸ ਤੋਂ ਅਸਤੀਫ਼ਾ ਦਿੱਤਾ
ਮੀਟਿੰਗ ਨੂੰ ਸੰਬੋਧਨ ਕਰਦਿਆਂ ਕਾਂਗਰਸ ਦੇ ਟਕਸਾਲੀ ਆਗੂ ਨਰਿੰਦਰ ਅੰਗਰਿਸ਼ ਨੇ ਕਿਹਾ, ‘‘ਜੇਕਰ ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ ਨੇ ਚਾਪਲੂਸੀ ਕਰਨ ਵਾਲਿਆਂ ਦੀ ਨਾ ਮੰਨੀ ਹੁੰਦੀ ਤਾਂ ਅੱਜ ਹਾਰ ਦਾ ਮੂੰਹ ਨਾ ਦੇਖਣਾ ਪੈਂਦਾ।’’ ਉਨ੍ਹਾਂ ਕਿਹਾ ਕਿ ਲੱਖਾ ਨੇ ਹਲਕੇ ਦੇ ਟਕਸਾਲੀ ਕਾਂਗਰਸੀਆਂ ਨੂੰ ਅੱਖੋਂ-ਪਰੋਖੇ ਕਰ ਕੇ ਐਡਵੋਕੇਟ ਜਸਪ੍ਰੀਤ ਕਲਾਲਮਾਜਰਾ ਨੂੰ ਕਾਨੂੰਨੀ ਸਲਾਹਕਾਰ ਲਗਾ ਲਿਆ ਜਿਸ ਨੂੰ ਹਲਕੇ ਬਾਰੇ ਰਤਾ ਵੀ ਜਾਣਕਾਰੀ ਨਹੀਂ ਸੀ। ਵਿਧਾਨ ਸਭਾ ਚੋਣਾਂ ਵਿੱਚ ਹਾਰ ਦੇ ਕਾਰਨਾਂ ਵਿੱਚ ਚਾਪਲੂਸੀ ਅਤੇ ਟਕਸਾਲੀ ਵਰਕਰਾਂ ਦੀ ਕੀਤੀ ਬੇਕਦਰੀ ਵੀ ਮੁੱਖ ਹਨ। ਨਰਿੰਦਰ ਅੰਗਰਿਸ਼ ਨੇ ਸਟੇਜ ਉੱਪਰ ਹੀ ਕਾਂਗਰਸ ਪਾਰਟੀ ਤੋਂ ਅਸਤੀਫ਼ਾ ਵੀ ਦੇ ਦਿੱਤਾ।