ਨਿੱਜੀ ਪੱਤਰ ਪ੍ਰੇਰਕ
ਜਲੰਧਰ, 30 ਸਤੰਬਰ
ਨੂਰਮਹਿਲ ਇਲਾਕੇ ਵਿਚ ਕਰੀਬ ਢਾਈ ਮਹੀਨੇ ਪਹਿਲਾਂ ਇਕ ਵਿਅਕਤੀ ਵੱਲੋਂ ਦੋ ਬੱਚਿਆਂ ਸਮੇਤ ਆਤਮਹੱਤਿਆ ਕਰਨ ਦੇ ਮਾਮਲੇ ਵਿਚ ਪੁਲੀਸ ਨੇ ਮ੍ਰਿਤਕ ਦੀ ਪਤਨੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜ਼ਿਕਰਯੋਗ ਹੈ ਕਿ ਪਿੰਡ ਪੰਡੋਰੀ ਜਗੀਰ ਦੇ ਰਹਿਣ ਵਾਲੇ ਜਸਪ੍ਰੀਤ ਸਿੰਘ ਨੇ ਲੰਘੀ 13 ਜੁਲਾਈ ਨੂੰ ਆਪਣੇ ਦੋ ਬੱਚਿਆਂ ਸਹਿਜਪ੍ਰੀਤ (6) ਤੇ ਮਨਰੂਪ (5) ਸਮੇਤ ਜ਼ਹਿਰੀਲੀ ਚੀਜ਼ ਖਾ ਕੇ ਆਤਮ ਹੱਤਿਆ ਕਰ ਲਈ ਸੀ। ਜਸਪ੍ਰੀਤ ਦੀ ਪਤਨੀ ਅਮਨਦੀਪ ਕੌਰ ਆਮ ਤੌਰ ’ਤੇ ਸੋਸ਼ਲ ਮੀਡੀਆ ’ਤੇ ਆਪਣੀਆਂ ਡਾਂਸ ਕਰਨ ਦੀਆਂ ਵੀਡੀਓਜ਼ ਅਪਲੋਡ ਕਰਦੀ ਹੁੰਦੀ ਸੀ। ਇਸੇ ਦੌਰਾਨ ਉਸ ਦੀ ਜਾਣ-ਪਛਾਣ ਇਕ ਨੌਜਵਾਨ ਨਾਲ ਹੋ ਗਈ ਸੀ ਤੇ ਉਸ ਨੇ ਉਕਤ ਨੌਜਵਾਨ ਨਾਲ ਵਿਆਹ ਵੀ ਕਰਵਾ ਲਿਆ ਸੀ। ਉਸ ਦਾ ਪਤੀ ਜਸਪ੍ਰੀਤ ਸਿੰਘ ਤਲਾਕ ਲੈਣ ਲਈ ਦਬਾਅ ਪਾਉਂਦਾ ਸੀ ਤੇ ਆਪਣੀ ਪਤਨੀ ਨੂੰ ਬੱਚਿਆਂ ਕੋਲ ਜਾਣ ਲਈ ਜ਼ੋਰ ਪਾਉਂਦਾ ਸੀ। ਜਦੋਂ ਉਹ ਨਾ ਮੰਨੀ ਤਾਂ ਜਸਪ੍ਰੀਤ ਨੇ ਬੱਚਿਆਂ ਸਮੇਤ ਜ਼ਹਿਰ ਖਾ ਕੇ ਆਤਮਹੱਤਿਆ ਕਰ ਲਈ। ਪੁਲੀਸ ਉਸ ਨੂੰ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਲਵੇਗੀ।