ਸਿਮਰਤ ਪਾਲ ਸਿੰਘ ਬੇਦੀ/ਗਗਨਦੀਪ ਅਰੋੜਾ
ਜੰਡਿਆਲਾ ਗੁਰੂ/ਲੁਧਿਆਣਾ, 8 ਦਸੰਬਰ
ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਵਿਰੁੱਧ ਅੱਜ ਜੰਡਿਆਲਾ ਗੁਰੂ ਵਿੱਚ ਰੇਲ ਰੋਕੋ ਮੋਰਚਾ 77ਵੇਂ ਦਿਨ ਵੀ ਜਾਰੀ ਰਿਹਾ ਅਤੇ ਭਾਰਤ ਬੰਦ ਨੂੰ ਲੋਕਾਂ ਦਾ ਭਰਵਾਂ ਹੁੰਗਾਰਾ ਮਿਲਿਆ। ਬੰਦ ਤਹਿਤ ਅੱਜ ਜੰਡਿਆਲਾ ਗੁਰੂ ਅਤੇ ਸਨਅਤੀ ਸ਼ਹਿਰ ਲੁਧਿਆਣਾ ਦੇ ਸਾਰੇ ਇਲਾਕੇ ਬੰਦ ਰਹੇ ਅਤੇ ਸੜਕੀ ਆਵਾਜਾਈ ਠੱਪ ਰਹੀ।
ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਭਾਰਤ ਬੰਦ ਦੇ ਸੱਦੇ ਨੂੰ ਸਫ਼ਲ ਕਰਨ ਲਈ ਅੱਜ ਸਵੇਰ ਤੋਂ ਹੀ ਅੰਮ੍ਰਿਤਸਰ ਅਤੇ ਵੱਖ-ਵੱਖ ਪਿੰਡਾਂ ’ਚ ਮੋਟਰਸਾਈਕਲ ਮੁਹਿੰਮਾਂ ਚਲਾਈਆਂ ਗਈਆਂ ਅਤੇ ਇਲਾਕੇ ਭਰ ਵਿੱਚ ਵੱਖ-ਵੱਖ ਕਿਸਾਨ ਅਤੇ ਹੋਰ ਜਥੇਬੰਦੀਆਂ ਨੇ ਕਾਲੇ ਬਿੱਲਾਂ ਖ਼ਿਲਾਫ਼ ਰੋਸ ਮੁਜ਼ਾਹਰੇ ਕੀਤੇ ਅਤੇ ਧਰਨੇ ਦਿੱਤੇ। ਸੰਘਰਸ਼ ਕਮੇਟੀ ਵੱਲੋਂ ਕੁੰਡਲੀ ਬਾਰਡਰ ’ਤੇ ਮੋਰਚਾ ਵੀ ਜਾਰੀ ਹੈ।
ਰੇਲ ਰੋੋਕ ਅੰਦੋਲਨ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਹਰਪ੍ਰੀਤ ਸਿੰਘ ਸਿੱਧਵਾਂ, ਸਤਨਾਮ ਸਿੰਘ ਮਾਨੋਚਾਹਲ ਨੇ ਕਿਹਾ ਕਿ ਖੇਤੀ ਕਾਨੂੰਨ ਰੱਦ ਹੋਣ ਤਕ ਮੋਰਚਾ ਜਾਰੀ ਰਹੇਗਾ। ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ ਅਤੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਦੱਸਿਆ ਕਿ ਮਾਲਵਾ ਵਿੱਚ ਮੋਗਾ, ਫ਼ਰੀਦਕੋਟ, ਫਾਜ਼ਿਲਕਾ, ਮੁਕਤਸਰ, ਫਿਰੋਜ਼ਪੁਰ, ਦੋਆਬਾ ਵਿੱਚ ਜਲੰਧਰ, ਕਪੂਰਥਲਾ, ਹੁਸ਼ਿਆਰਪੁਰ, ਮਾਝੇ ਵਿੱਚ ਤਰਨ ਤਾਰਨ, ਗੁਰਦਾਸਪੁਰ ਅਤੇ ਅੰਮ੍ਰਿਤਸਰ ਜ਼ਿਲ੍ਹਿਆਂ ਵਿੱਚ 11 ਤੋਂ 3 ਵਜੇ ਤਕ 77 ਥਾਵਾਂ ਉੱਤੇ ਸੜਕੀ ਆਵਾਜਾਈ ਜਾਮ ਕੀਤੀ ਗਈ ਪਰ ਐਮਰਜੈਂਸੀ ਸੇਵਾਵਾਂ ਬਹਾਲ ਰੱਖੀਆਂ ਗਈਆਂ। ਆਗੂਆਂ ਨੇ ਦੱਸਿਆ ਕਿ ਦੇਸ਼ ਭਰ ਵਿੱਚ ਬੰਦ ਸਫ਼ਲ ਰਿਹਾ ਹੈ। ਆਗੂਆਂ ਨੇ ਕਿਹਾ ਕਿ ਜਸਬੀਰ ਸਿੰਘ ਪਿੱਦੀ, ਸੁਖਵਿੰਦਰ ਸਿੰਘ ਸਭਰਾ ਦੀ ਅਗਵਾਈ ਹੇਠ ਕੁੰਡਲੀ ਬਾਰਡਰ ਦਿੱਲੀ ’ਤੇ ਮੋਰਚਾ ਜਾਰੀ ਹੈ। ਕਿਸਾਨ ਆਗੂਆਂ ਨੇ ਆਖਿਆ ਕਿ ਕੇਂਦਰ ਸਰਕਾਰ ਖੇਤੀ ਕਾਨੂੰਨਾਂ ਵਿੱਚ ਸੋਧਾਂ ਕਰ ਕੇ ਸਾਰੀਆਂ ਮੰਗਾਂ ਪੂਰੀਆਂ ਹੋਣ ਦਾ ਦਾਅਵਾ ਕਰ ਸਕਦੀ ਹੈ ਪਰ ਅਜਿਹੇ ਕੂੜ ਪ੍ਰਚਾਰ ਤੋਂ ਬਚਣਾ ਚਾਹੀਦਾ ਹੈ। ਸਰਵਣ ਸਿੰਘ ਪੰਧੇਰ ਅਤੇ ਗੁਰਬਚਨ ਸਿੰਘ ਚੱਬਾ ਦੀ ਅਗਵਾਈ ਹੇਠ ਅੰਮ੍ਰਿਤਸਰ ਗੋਲਡਨ ਗੇਟ, ਕੌਮੀ ਸ਼ਾਹਰਾਹ ਨੰਬਰ ਇੱਕ ਉੱਤੇ ਧਰਨਾ ਦਿੱਤਾ ਗਿਆ। ਸ੍ਰੀ ਪੰਧੇਰ ਨੇ ਦੱਸਿਆ ਕਿ ਅੱਜ ਸਵੇਰੇ 8 ਵਜੇ ਬੰਦ ਨੂੰ ਸਫ਼ਲ ਕਰਨ ਲਈ ਹਾਲ ਗੇਟ ਤੋਂ ਮੁਹਿੰਮ ਸ਼ੁਰੂ ਕੀਤੀ ਗਈ ਅਤੇ ਲੋਕਾਂ ਨੇ ਮੁਕੰਮਲ ਬੰਦ ਕੀਤਾ। ਸੜਕੀ ਆਵਾਜਾਈ ਅਤੇ ਰੇਲ ਰੋਕੋ ਮੋਰਚੇ ਵਿੱਚ ਜਰਮਨਜੀਤ ਸਿੰਘ ਬੰਡਾਲਾ, ਰਣਜੀਤ ਸਿੰਘ ਕਲੇਰਬਾਲਾ, ਗੁਰਦੇਵ ਸਿੰਘ ਵਰਪਾਲ, ਮੁਖਤਿਆਰ ਸਿੰਘ ਆਦਿ ਹਾਜ਼ਰ ਸਨ।
ਅੱਜ ਭਾਰਤ ਬੰਦ ਤਹਿਤ ਲੁਧਿਆਣਾ ’ਚ ਦਵਾਈਆਂ ਦੀਆਂ ਦੁਕਾਨਾਂ ਨੂੰ ਛੱਡ ਸਾਰਾ ਸ਼ਹਿਰ ਬੰਦ ਰਿਹਾ। ਜ਼ਿਲ੍ਹੇ ਦੇ ਸਾਰੇ ਪੈਟਰੋਲ ਪੰਪ ਤੇ ਸ਼ਰਾਬ ਦੇ ਠੇਕੇ ਵੀ ਬੰਦ ਰਹੇ। ਸ਼ਹਿਰ ਦੇ ਮੁੱਖ ਚੌਕਾਂ ਵਿੱਚ ਵੱਖ-ਵੱਖ ਸਿਆਸੀ, ਧਾਰਮਿਕ ਤੇ ਹੋਰਨਾਂ ਜਥੇਬੰਦੀਆਂ ਦੇ ਅਹੁਦੇਦਾਰਾਂ ਨੇ ਧਰਨਾ ਲਾਈ ਰੱਖਿਆ। ਸ਼ਹਿਰ ਦੇ ਚਾਰੇ ਪਾਸਿਓਂ ਆਉਣ ਵਾਲੇ ਰਸਤਿਆਂ ਨੂੰ ਬੰਦ ਕਰ ਦਿੱਤਾ ਗਿਆ ਤੇ ਸਿਰਫ਼ ਐਂਬੂਲੈਂਸਾਂ ਤੇ ਵਿਆਹ ’ਚ ਸ਼ਾਮਲ ਹੋਣ ਲਈ ਜਾਣ ਵਾਲੀਆਂ ਗੱਡੀਆਂ ਨੂੰ ਹੀ ਰਾਹ ਦਿੱਤਾ ਗਿਆ। ਇਸ ਤੋਂ ਇਲਾਵਾ ਪੂਰੀ ਤਰ੍ਹਾਂ ਚੱਕਾ ਜਾਮ ਰਿਹਾ। ਇਸ ਦੌਰਾਨ ਪੁਲੀਸ ਵੀ ਮੁਸਤੈਦ ਦਿਖਾਈ ਦਿੱਤੀ। ਪੁਲੀਸ ਨੇ ਘੰਟਾ ਘਰ ਚੌਕ ਸਥਿਤ ਭਾਜਪਾ ਦੇ ਮੁੱਖ ਦਫ਼ਤਰ ਤੇ ਆਰਐੱਸਐੱਸ ਦੇ ਆਲੇ-ਦੁਆਲੇ ਨਾਕਾਬੰਦੀ ਕੀਤੀ ਹੋਈ ਸੀ। ਅੱਜ ਪੂਰਾ ਦਿਨ ਭਾਜਪਾ ਆਗੂ ਸ਼ਹਿਰ ਵਿੱਚ ਵਿਖਾਈ ਨਹੀਂ ਦਿੱਤੇ। ਕਈ ਸਨਅਤਕਾਰ ਜਥੇਬੰਦੀਆਂ, ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਕਾਰਕੁਨਾਂ ਨੇ ਕਿਸਾਨਾਂ ਦੇ ਹੱਕ ਵਿੱਚ ਧਰਨੇ ਲਗਾਏ। ਇਸ ਤੋਂ ਇਲਾਵਾ ਸੀਪੀਆਈ, ਸੀਪੀਐੱਮ ਤੇ ਹੋਰ ਕੀਰਤੀ ਜਥੇਬੰਦੀਆਂ ਨੇ ਵੀ ਧਰਨਾ ਦਿੱਤਾ।
ਕਿਸਾਨਾਂ ਦੇ ਹੱਕ ’ਚ ਭਾਜਪਾ ਆਗੂਆਂ ਵੱਲੋਂ ਅਸਤੀਫ਼ੇ
ਬੋਹਾ (ਪੱਤਰ ਪ੍ਰੇਰਕ): ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ ਦਿੱਤੇ ਭਾਰਤ ਬੰਦ ਦੇ ਸੱਦੇ ਨੂੰ ਬੋਹਾ ਸ਼ਹਿਰ ਵਿੱਚ ਭਰਵਾਂ ਹੁੰਗਾਰਾ ਮਿਲਿਆ। ਇਸ ਮੌਕੇ ਦੁਕਾਨਦਾਰਾਂ ਨੇ ਦੁਕਾਨਾਂ ਬੰਦ ਰੱਖੀਆ ਤੇ ਸ਼ਹਿਰ ਦੇ ਕੁਝ ਪ੍ਰਾਈਵੇਟ ਵਿੱਦਿਅਕ ਅਦਾਰੇ ਵੀ ਬੰਦ ਰਹੇ। ਇਸੇ ਦੌਰਾਨ ਭਾਜਪਾ ਦੇ ਮੰਡਲ ਬੋਹਾ ਦੇ ਪ੍ਰਧਾਨ ਸਤਵੰਤ ਸਿਘ ਸੱਤਾ, ਐੱਸਸੀ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਐੱਮਸੀ ਜਗਤਾਰ ਸਿੰਘ ਤਾਰੀ ਤੇ ਕਿਸਾਨ ਮੋਰਚੇ ਦੇ ਜ਼ਿਲ੍ਹਾ ਆਗੂ ਸੁਰਿੰਦਰ ਸੇਖੋਂ ਨੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਕੇ ਕਿਸਾਨਾਂ ਦਾ ਸਾਥ ਦੇਣ ਦਾ ਐਲਾਨ ਕੀਤਾ। ਇਸ ਮੌਕੇ ਕਿਸਾਨਾਂ, ਮਜ਼ਦੂਰਾਂ ਤੇ ਦੁਕਾਨਦਾਰਾਂ ਨੇ ਸਵੇਰੇ 11 ਤੋਂ ਸ਼ਾਮ ਤਿੰਨ ਵਜੇ ਤਕ ਬੋਹਾ-ਬੁਢਲਾਡਾ ਸੜਕ ’ਤੇ ਧਰਨਾ ਦਿੱਤਾ।