ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 19 ਨਵੰਬਰ
ਧਰਤੀ ਹੇਠੋਂ ਪਾਣੀ ਕੱਢਣ ਲਈ ਬਣਾਏ ਡਰਾਫਟ ਦੇ ਦਿਸ਼ਾਂ-ਨਿਰਦੇਸ਼ ਜਦੋਂ ਤਕ ਫਾਈਨਲ ਨਹੀਂ ਹੋ ਜਾਂਦੇ, ਉਦੋਂ ਤਕ ਪੰਜਾਬ ਵਾਟਰ ਰੈਗੂਲੇਸ਼ਨ ਐਂਡ ਡਿਵੈਲਪਮੈਂਟ ਅਥਾਰਿਟੀ ਸੂਬੇ ਦੀਆਂ ਉਦਯੋਗਿਕ ਅਤੇ ਵਪਾਰਕ ਇਕਾਈਆਂ ਨੂੰ ਧਰਤੀ ਹੇਠਲਾ ਪਾਣੀ ਕੱਢਣ ਦੀ ਆਰਜ਼ੀ ਮਨਜ਼ੂਰੀ ਦੇਵੇਗੀ। ਇਸ ਤੋਂ ਪਹਿਲਾਂ ਅਜਿਹੀਆਂ ਇਕਾਈਆਂ ਨੂੰ ਸੈਂਟਰਲ ਗਰਾਊਂਡ ਵਾਟਰ ਅਥਾਰਿਟੀ ਤੋਂ ਮਨਜ਼ੂਰੀ ਲੈਣੀ ਪੈਂਦੀ ਸੀ। ਅਥਾਰਿਟੀ ਵੱਲੋਂ ਬੀਤੀ 12 ਨਵੰਬਰ ਨੂੰ ਧਰਤੀ ਹੇਠੋਂ ਪਾਣੀ ਕੱਢਣ ਅਤੇ ਸੰਭਾਲ ਲਈ ਜਾਰੀ ਕੀਤੇ ਦਿਸ਼ਾ-ਨਿਰਦੇਸ਼ਾਂ ’ਤੇ ਜਨਤਾ ਦੇ ਇਤਰਾਜ਼ ਮੰਗੇ ਗਏ ਸਨ। ਅਥਾਰਿਟੀ ਇਸ ਸ਼ਰਤ ‘ਤੇ ਆਰਜ਼ੀ ਮਨਜ਼ੂਰੀ ਦੇਵੇਗੀ ਕਿ ਬਿਨੈਕਾਰ ਡਰਾਫਟ ਵਿੱਚ ਦਰਜ ਦਿਸ਼ਾਂ-ਨਿਰਦੇਸ਼ਾਂ ਦੀਆਂ ਸ਼ਰਤਾਂ ਦੀ ਪਾਲਣਾ ਕਰੇਗਾ ਅਤੇ ਜਦੋਂ ਆਖ਼ਰੀ ਦਿਸ਼ਾ-ਨਿਰਦੇਸ਼ ਨੋਟੀਫਾਈ ਕੀਤੇ ਜਾਣਗੇ ਤਾਂ ਉਨ੍ਹਾਂ ਦੀ ਪਾਲਣਾ ਵੀ ਕਰੇਗਾ।