ਜਗਮੋਹਨ ਸਿੰਘ
ਘਨੌਲੀ, 9 ਜਨਵਰੀ
ਬੀਤੇ ਤਿੰਨ-ਚਾਰ ਦਿਨਾਂ ਤੋਂ ਲਗਾਤਾਰ ਪੈ ਰਹੀ ਬਾਰਿਸ਼ ਨੇ ਕਿਸਾਨਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਘਨੌਲੀ ਖੇਤਰ ਦੇ ਪਿੰਡ ਖਰੋਟਾ ਦੇ ਵਸਨੀਕਾਂ ਬਲਦੇਵ ਸਿੰਘ, ਮਨਿੰਦਰ ਸਿੰਘ, ਰਾਜੀਵ ਕੁਮਾਰ ਅਤੇ ਅਜੈ ਕੁਮਾਰ ਨੇ ਦੱਸਿਆ ਕਿ ਲਗਾਤਾਰ ਪੈ ਰਹੀ ਬਾਰਿਸ਼ ਕਾਰਨ ਭਰਤਗੜ੍ਹ ਸਾਈਫਨ ਵਿੱਚ ਆਇਆ ਪਾਣੀ ਗ੍ਰਾਮ ਪੰਚਾਇਤ ਖਰੋਟਾ ਵੱਲੋਂ ਬਣਾਏ ਗਏ ਨਾਲੇ ਨੂੰ ਟੱਪ ਕੇ ਲੋਕਾਂ ਦੇ ਖੇਤਾਂ ਵਿੱਚ ਜਾ ਵੜਿਆ ਹੈ। ਉਨ੍ਹਾਂ ਦੱਸਿਆ ਕਿ ਪਿੰਡ ਹਿੰਮਤਪੁਰ, ਕੀਮਤਪੁਰ, ਖਰੋਟਾ ਤੇ ਆਲੋਵਾਲ ਆਦਿ ਪਿੰਡਾਂ ਦੀ ਲਗਪਗ 150 ਏਕੜ ਫ਼ਸਲ ਗੋਡੇ-ਗੋਡੇ ਪਾਣੀ ਵਿਚ ਡੁੱਬ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਪਾਣੀ ਦੀ ਨਿਕਾਸੀ ਦਾ ਕੋਈ ਰਸਤਾ ਨਹੀਂ ਹੈ ਜਿਸ ਕਰ ਕੇ ਉਨ੍ਹਾਂ ਦੀ ਫਸਲ ਪੂਰੀ ਤਰ੍ਹਾਂ ਬਰਬਾਦ ਹੋ ਗਈ ਹੈ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਨ੍ਹਾਂ ਦੀ ਫਸਲ ਦੀ ਗਿਰਦਾਵਰੀ ਕਰਵਾ ਕੇ ਬਣ ਦੇ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾਵੇ।