ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 17 ਅਗਸਤ
ਸਥਾਨਕ ਸ਼ਹਿਰ ਦੇ ਰੇਲਵੇ ਸਟੇਸ਼ਨ ’ਤੇ ਜੀਆਰਪੀ ਤੇ ਆਰਪੀਐੱਫ਼ ਨੇ ਇੱਕ ਅਜਿਹੇ ਮੁਲਜ਼ਮ ਨੂੰ ਕਾਬੂ ਕੀਤਾ ਹੈ, ਜੋ ਪੁਲੀਸ ਮੁਲਾਜ਼ਮ ਹੈ ਤੇ ਯਾਤਰੀਆਂ ਤੋਂ ਲੁੱਟ-ਖੋਹ ਕਰਦਾ ਰਿਹਾ ਹੈ। ਉਹ ਸਥਾਨਕ ਕੇਂਦਰੀ ਜੇਲ੍ਹ ਦਾ ਵਾਰਡਨ ਹੈ। ਉਹ ਇਥੇ 2017 ਤੋਂ ਤਾਇਨਾਤ ਸੀ ਪਰ ਅਪਰੈਲ ਮਹੀਨੇ ਤੋਂ ਉਹ ਲਗਾਤਾਰ ਆਪਣੀ ਡਿਊਟੀ ਤੋਂ ਗ਼ੈਰਹਾਜ਼ਰ ਚੱਲ ਰਿਹਾ ਸੀ। ਪੰਜ ਦਿਨ ਪਹਿਲਾਂ ਵੀ ਥਾਣਾ ਮੋਤੀ ਨਗਰ ਦੀ ਪੁਲੀਸ ਵੱਲੋਂ ਲੁੱਟ-ਖੋਹ ਦੇ ਦੋਸ਼ ਹੇਠ ਉਸ ਨੂੰ ਨਾਮਜ਼ਦ ਕੀਤਾ ਗਿਆ ਸੀ। ਮੁਲਜ਼ਮ ਰੇਲ ਗੱਡੀਆਂ ’ਚ ਚੜ੍ਹ ਕੇ ਚੈਕਿੰਗ ਬਹਾਨੇ ਯਾਤਰੀਆਂ ’ਤੇ ਪੁਲਸੀਆ ਰੋਹਬ ਦਿਖਾਉਂਦਾ ਹੋਇਆ ਉਨ੍ਹਾਂ ਨੂੰ ਲੁੱਟਦਾ ਸੀ। ਜਾਣਕਾਰੀ ਅਨੁਸਾਰ ਮੁਲਜ਼ਮ ਨੇ ਬੀਤੇ ਦਿਨੀਂ ਇੱਕ ਰੇਲ ਗੱਡੀ ਵਿੱਚੋਂ ਮੋਬਾਈਲ ਫੋਨ ਚੋਰੀ ਕੀਤਾ ਸੀ, ਜਿਸ ਮਗਰੋਂ ਉਸ ਖ਼ਿਲਾਫ਼ ਪੁਲੀਸ ਨੂੰ ਸ਼ਿਕਾਇਤ ਦਿੱਤੀ ਗਈ ਸੀ। ਇਸ ਸਬੰਧੀ ਥਾਣਾ ਜੀਆਰਪੀ ਦੀ ਪੁਲੀਸ ਨੇ ਕਾਰਵਾਈ ਆਰੰਭੀ। ਸ਼ਿਕਾਇਤਕਰਤਾ ਅਜੈ ਕੁਮਾਰ ਨੇ ਪੁਲੀਸ ਨੂੰ ਦੱਸਿਆ ਕਿ ਉਸ ਦਾ ਮੋਬਾਈਲ ਫੋਨ ਚੋਰੀ ਕਰਨ ਵਾਲੇ ਨੇ ਪੁਲੀਸ ਦੀ ਵਰਦੀ ਪਾਈ ਹੋਈ ਸੀ। ਪੁਲੀਸ ਨੇ ਅੱਜ ਮਾਲ ਗੁਦਾਮ ਕੋਲੋਂ ਮੁਲਜ਼ਮ ਨੂੰ ਕਾਬੂ ਕਰ ਲਿਆ ਹੈ, ਜਿਸ ਦੀ ਪਛਾਣ ਦੀਪਕ ਕੁਮਾਰ ਵਾਸੀ ਗਿੱਦੜਬਾਹਾ ਵਜੋਂ ਹੋਈ ਹੈ। ਦੀਪਕ ਨੂੰ ਅਦਾਲਤ ’ਚ ਪੇਸ਼ ਕੀਤਾ ਗਿਆ, ਜਿਥੋਂ ਉਸ ਨੂੰ ਜੁਡੀਸ਼ਲ ਰਿਮਾਂਡ ’ਤੇ ਭੇਜ ਦਿੱਤਾ ਗਿਆ ਹੈ। ਮੁਲਜ਼ਮ ਕੋਲੋਂ ਪੁਲੀਸ ਨੇ ਸ਼ਿਕਾਇਤਕਰਤਾ ਦਾ ਆਧਾਰ ਕਾਰਡ ਵੀ ਬਰਾਮਦ ਕੀਤਾ ਹੈ। ਜਾਣਕਾਰੀ ਅਨੁਸਾਰ ਦੀਪਕ ਪਿਛਲੇ ਦੋ ਮਹੀਨਿਆਂ ਤੋਂ ਰੋਜ਼ਾਨਾ ਸਟੇਸ਼ਨ ’ਤੇ ਯਾਤਰੀਆਂ ਨੂੰ ਸੁੰਨਸਾਨ ਥਾਂ ’ਤੇ ਰੋਕਦਾ ਸੀ ਤੇ ਚੈਕਿੰਗ ਦੇ ਬਹਾਨੇ ਉਨ੍ਹਾਂ ਤੋਂ ਪੈਸੇ ਖੋਂਹਦਾ ਸੀ। ਜਦੋਂ ਉਸ ਨੂੰ ਫੜਿਆ ਗਿਆ ਤਾਂ ਉਹ ਸ਼ਰਾਬ ਦੇ ਨਸ਼ੇ ਵਿੱਚ ਸੀ।