ਜਗਮੋਹਨ ਸਿੰਘ
ਰੂਪਨਗਰ, 10 ਦਸੰਬਰ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਖਿਆ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਬੇਅਦਬੀ ਮਾਮਲਿਆਂ ਲਈ ਨਿਆਂ ਦੀ ਉਡੀਕ ਕਰ ਰਹੇ ਪੰਜਾਬੀਆਂ ਦੀ ਆਵਾਜ਼ ਉੱਚੀ ਆਵਾਜ਼ ਵਿੱਚ ਡੀਜੇ ਉੱਤੇ ਗੁਰਬਾਣੀ ਲਗਾਉਣ ਦੇ ਹੁਕਮ ਦੇ ਕੇ ਦਬਾ ਨਹੀਂ ਸਕਦੇ ਤੇ ਇਹ ਆਪਣੇ ਆਪ ਵਿੱਚ ਬੇਅਦਬੀ ਹੈ। ਉਹ ਰੂਪਨਗਰ ਤੋਂ ਸ਼੍ਰੋਮਣੀ ਅਕਾਲੀ ਦਲ ਬਸਪਾ ਦੇ ਸਾਂਝੇ ਉਮੀਦਵਾਰ ਡਾ. ਦਲਜੀਤ ਸਿੰਘ ਚੀਮਾ ਦੇ ਹੱਕ ਵਿੱਚ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਹਰ ਇੱਕ ਦੀ ਗੱਲ ਸੁਣਨ ਦਾ ਦਾਅਵਾ ਕਰਨ ਵਾਲੇ ਮੁੱਖ ਮੰਤਰੀ ਨਾ ਸਿਰਫ ਲੋਕਾਂ ਦੀ ਗੱਲ ਸੁਣਨ ਤੋਂ ਭੱਜ ਰਹੇ ਹਨ ਬਲਕਿ ਸਰਕਾਰੀ ਮਸ਼ੀਨਰੀ ਨਾਲ ਉਨ੍ਹਾਂ ਦੀ ਆਵਾਜ਼ ਦਬਾਉਣ ਦਾ ਵੀ ਯਤਨ ਕਰਨ ਲੱਗ ਪਏ ਹਨ। ਉਨ੍ਹਾਂ ਕਿਹਾ ਕਿ ਲੋਕਾਂ ਦੀ ਆਵਾਜ਼ ਦਬਾਉਣ ਲਈ ਅਜਿਹੀ ਘਟੀਆ ਤਰਕੀਬ ਵਰਤਣ ਕਾਰਨ ਪੰਜਾਬ ਦੇ ਲੋਕ ਮੁਆਫ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਕੈਬਨਿਟ ਮੀਟਿੰਗ ਵਿੱਚ ਗੁਰਜੀਤ ਸਿੰਘ ਰਾਣਾ ਵੱਲੋਂ ਗ੍ਰਹਿ ਮੰਤਰੀ ਤੇ ਲਾਏ ਭ੍ਰਿਸ਼ਟਾਚਾਰ ਦੇ ਮਾਮਲੇ ਦੇ ਦੋਸ਼ਾਂ ਦੀ ਜਾਂਚ ਕਰਾਉਣ ਤੋਂ ਵੀ ਮੁੱਖ ਮੰਤਰੀ ਭੱਜ ਰਹੇ ਹਨ। ਡਾ. ਚੀਮਾ ਨੇ ਕਿਹਾ ਕਿ ਕਾਂਗਰਸ ਸਰਕਾਰ ਤੇ ਆਪ ਦੇ ਵਿਧਾਇਕਾਂ ਨੇ ਰੋਪੜ ਦੇ ਲੋਕਾਂ ਵਾਸਤੇ ਕੱਖ ਨਹੀਂ ਕੀਤਾ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਗੁਰਿੰਦਰ ਸਿੰਘ ਗੋਗੀ, ਹਰਮੋਹਨ ਸਿੰਘ ਸੰਧੂ, ਸ਼੍ਰੋਮਣੀ ਕਮੇਟੀ ਮੈਂਬਰ ਅਮਰਜੀਤ ਸਿੰਘ ਚਾਵਲਾ ਤੇ ਸੁਖਿੰਦਰਪਾਲ ਸਿੰਘ ਹਾਜ਼ਰ ਸਨ।
ਬਲਾਚੌਰ (ਗੁਰਦੇਵ ਸਿੰਘ ਗਹੂੰਣ/ਸੁਭਾਸ਼ ਜੋਸ਼ੀ): ਇਸੇ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਬਲਾਚੌਰ ਤੋਂ ਪਾਰਟੀ ਦੀ ਉਮੀਦਵਾਰ ਸੁਨੀਤਾ ਚੌਧਰੀ ਦੇ ਹੱਕ ’ਚ ਰੈਲੀ ਕੀਤੀ। ਉਨ੍ਹਾਂ ਕਿਹਾ ਕਿ ਜੇ ਪੰਜਾਬ ਵਿੱਚ ਅਕਾਲੀ-ਭਾਜਪਾ ਗੱਠਜੋੜ ਦੀ ਸਰਕਾਰ ਬਣੀ ਤਾਂ ਕੰਢੀ ਏਰੀਏ ਦਾ ਵੱਖਰਾ ਵਿਭਾਗ ਅਤੇ ਮੰਤਰਾਲਾ ਬਣਾਇਆ ਜਾਵੇਗਾ। ਉਨ੍ਹਾਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ’ਤੇ ਦੋਸ਼ ਲਾਇਆ ਕਿ ਉਨ੍ਹਾਂ ਦੀ ਛਤਰ-ਛਾਇਆ ਹੇਠ ਪੰਜਾਬ ਵਿੱਚ ਰੇਤ ਦੀ ਮਾਈਨਿੰਗ ਦਾ ਕੰਮ ਜ਼ੋਰਾਂ ’ਤੇ ਚੱਲ ਰਿਹਾ ਹੈ। ਸੁਨੀਤਾ ਚੌਧਰੀ ਨੇ ਸੁਖਬੀਰ ਦਾ ਧੰਨਵਾਦ ਕੀਤਾ।
ਪੈਸੇ ਲੈ ਕੇ ਐੱਸਐੱਸਪੀ ਲਾਉਣ ਦੇ ਦੋਸ਼ਾਂ ਦੀ ਸੀਬੀਆਈ ਜਾਂਚ ਮੰਗੀ
ਚੰਡੀਗੜ੍ਹ (ਟਨਸ): ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਵੱਲੋਂ ਮੰਤਰੀ ਮੰਡਲ ਦੀ ਮੀਟਿੰਗ ਦੌਰਾਨ ਸੂਬੇ ਵਿੱਚ ਜ਼ਿਲ੍ਹਾ ਪੁਲੀਸ ਮੁਖੀਆਂ ਦੀ ਨਿਯੁਕਤੀ ਲਈ ਕਰੋੜਾਂ ਰੁਪਏ ਲੈਣ ਦੇ ਦੋਸ਼ ਲਾਉੁਣ ਦੇ ਮਾਮਲੇ ’ਤੇ ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਨੇ ਚੰਨੀ ਸਰਕਾਰ ਨੂੰ ਘੇਰਦਿਆਂ ਮਾਮਲੇ ਦੀ ਸੀਬੀਆਈ ਜਾਂਚ ਮੰਗੀ ਹੈ। ਦੋਹਾਂ ਪਾਰਟੀਆਂ ਨੇ ਕਿਹਾ ਕਿ ਸੂਬੇ ਵਿੱਚ ਮੁੱਖ ਮੰਤਰੀ ਬਦਲਣ ਤੋਂ ਬਾਅਦ ਕੋਈ ਤਬਦੀਲੀ ਨਹੀਂ ਹੋਈ, ਸਗੋਂ ਭ੍ਰਿਸ਼ਟਾਚਾਰ ਵਧਿਆ ਹੈ। ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਐੱਸਐੱਸਪੀ ਲਗਾਉਣ ਲਈ ਦੋ ਤੋਂ ਪੰਜ ਕਰੋੜ ਰੁਪਏ ਰਿਸ਼ਵਤ ਲੈਣ ਦੇ ਦੋਸ਼ ਲੱਗੇ ਹਨ, ਜੋ ਗੰਭੀਰ ਮਾਮਲਾ ਹੈ।
ਮਹਾਭ੍ਰਿਸ਼ਟ ਹੈ ਕਾਂਗਰਸ ਸਰਕਾਰ: ਚੀਮਾ
ਚੰਡੀਗੜ੍ਹ (ਟਨਸ): ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਦੋਸ਼ ਲਾਇਆ ਕਿ ਕਾਂਗਰਸ ਸਰਕਾਰ ਮਹਾਭ੍ਰਿਸ਼ਟ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਦਾ ਆਗੂ ਹੋਣ ਦਾ ਡਰਾਮਾ ਕਰਨ ਵਾਲੇ ਮੁੱਖ ਮੰਤਰੀ ਚੰਨੀ ਨੂੰ ਮੰਤਰੀ ਵੱਲੋਂ ਪੈਸੇ ਲੈ ਕੇ ਪੁਲੀਸ ਅਧਿਕਾਰੀਆਂ ਦੀਆਂ ਨਿਯੁਕਤੀ ਅਤੇ ਬਦਲੀਆਂ ਦੇ ਮਾਮਲੇ ਬਾਰੇ ਜਵਾਬ ਦੇਣਾ ਚਾਹੀਦਾ ਹੈ। ਚੀਮਾ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਪਿਛਲੇ ਸਾਢੇ ਚਾਰ ਸਾਲ ਦੀ ਨਾਕਾਮੀ ਅਤੇ ਭ੍ਰਿਸ਼ਟ ਸ਼ਾਸਨ ਨੂੰ ਛੁਪਾਉਣ ਲਈ ਮੁੱਖ ਮੰਤਰੀ ਬਦਲਣ ਦਾ ਨਾਟਕ ਕੀਤਾ ਹੈ। ਪਰ ਭ੍ਰਿਸ਼ਟਾਚਾਰ ਕੈਪਟਨ ਅਤੇ ਬਾਦਲ ਸਰਕਾਰ ਦੀ ਤਰ੍ਹਾਂ ਹੀ ਚੱਲ ਰਿਹਾ ਹੈ।