ਆਤਿਸ਼ ਗੁਪਤਾ
ਚੰਡੀਗੜ੍ਹ, 21 ਅਪਰੈਲ
ਮੁਹਾਲੀ ਜ਼ਿਲ੍ਹੇ ਦਾ ਹਿਮਾਚਲ ਪ੍ਰਦੇਸ਼ ਤੇ ਹਰਿਆਣੇ ਦੀਆਂ ਹੱਦਾਂ ਨਾਲ ਲੱਗਦਾ ਪਿੰਡ ਮਸੌਲ ਬਹੁਤ ਉਦਾਸ ਹੈ। ਸ਼ਿਵਾਲਿਕ ਦੀਆਂ ਪਹਾੜੀਆਂ ਦੇ ਪੈਰਾਂ ’ਚ ਸਥਿਤ ਇਸ ਪਿੰਡ ਵਿਚ ਆਜ਼ਾਦੀ ਦੇ 74 ਸਾਲ ਬਾਅਦ ਵੀ ਸਹੂਲਤਾਂ ਦਾ ਸੂਰਜ ਨਹੀਂ ਚੜ੍ਹਿਆ। ਇਹ ਪਿੰਡ ਪੀਜੀਆਈ ਤੋਂ ਮਹਿਜ਼ 9 ਕਿਲੋਮੀਟਰ ਦੂਰ ਹੈ ਪਰ ਪਿੰਡ ਦੀ ਹਾਲਤ ਦੇਖਦਿਆਂ ਇਹ ਫ਼ਾਸਲਾ ਸਦੀਆਂ ਦਾ ਜਾਪਦਾ ਹੈ। ਪੀਜੀਆਈ ਤੋਂ ਨਵੇਂ ਚੰਡੀਗੜ੍ਹ ਵੱਲ ਜਾਂਦਿਆਂ ਨਵਾਂ ਗਰਾਉਂ ਨੇੜਿਉਂ ਮਸੌਲ ਨੂੰ ਕੱਚਾ ਰਾਹ ਜਾਂਦਾ ਹੈ, ਜਿਸ ’ਤੇ ਉਡਦੀ ਧੂੜ ਪਿੰਡ ਵਾਸੀਆਂ ਦਾ ਨਸੀਬ ਬਣ ਚੁੱਕੀ ਹੈ। ਇਸ ਪਿੰਡ ਵਿਚ ਬੁਨਿਆਦੀ ਸਹੂਲਤਾਂ ਨਹੀਂ ਹਨ। ਕਈ ਸਰਕਾਰਾਂ ਆਈਆਂ ਤੇ ਗਈਆਂ ਪਰ ਪਿੰਡ ਦੀ ਹੋਣੀ ਨਹੀਂ ਬਦਲ ਸਕੀ।
ਇਥੇ ਸਾਰਿਆਂ ਤੋਂ ਵੱਡੀ ਘਾਟ ਪਾਣੀ ਦੀ ਹੈ। ਧਰਤੀ ਹੇਠਲਾ ਪਾਣੀ ਬੇਹੱਦ ਡੂੰਘਾ ਹੈ ਤੇ ਟਿਊਬਵੈਲ ਲਾਉਣ ਦਾ ਖਰਚਾ ਚੁੱਕਣਾ ਪਿੰਡ ਵਾਸੀਆਂ ਦੇ ਵੱਸ ਦੀ ਗੱਲ ਨਹੀਂ ਹੈ। ਸਿਆਸੀ ਆਗੂਆਂ ਤੇ ਸਰਕਾਰਾਂ ਕੋਲੋਂ ਲੋਕਾਂ ਨੂੰ ਕੇਵਲ ਲਾਰੇ ਹੀ ਮਿਲੇ ਹਨ। ਪਿੰਡ ਦੀਆਂ ਜ਼ਮੀਨਾਂ ਰੇਤਲੀਆਂ ਹਨ ਤੇ ਖੇਤੀ ਦੇ ਨਾਂ ’ਤੇ ਸਿਰਫ਼ ਮੱਕੀ ਦੀ ਕਾਸ਼ਤ ਹੀ ਹੁੰਦੀ ਹੈ। ਉਸ ਨੂੰ ਵੀ ਜਾਨਵਰਾਂ ਦਾ ਉਜਾੜਾ ਝੱਲਣਾ ਪੈਂਦਾ ਹੈ। ਪੀਣ ਵਾਲਾ ਪਾਣੀ ਹਫ਼ਤੇ ’ਚ ਇਕ ਵਾਰ ਹੀ ਘੰਟਾ ਜਾਂ ਦੋ ਘੰਟੇ ਆਉਂਦਾ ਹੈ ਤੇ ਉਸ ਦਿਨ ਹੀ ਲੋਕ ਪਾਣੀ ਭਰ ਕੇ ਰੱਖ ਲੈਂਦੇ ਹਨ। ਆਮ ਲੋੜਾਂ ਤੇ ਪਸ਼ੂਆਂ ਆਦਿ ਵਾਸਤੇ ਪਾਣੀ ਦੀ ਪੂਰਤੀ ਪਿੰਡ ਦੇ ਖੂਹ ਤੋਂ ਕੀਤੀ ਜਾਂਦੀ ਹੈ ਪਰ ਇਹ ਪਾਣੀ ਪੀਣ ਯੋਗ ਨਹੀਂ ਹੈ। ਪਾਣੀ ਭਰਨ ਵਾਸਤੇ ਵੀ ਔਰਤਾਂ ਨੂੰ ਦੋ ਕਿਲੋਮੀਟਰ ਤੁਰ ਕੇ ਜਾਣਾ ਪੈਂਦਾ ਹੈ। ਪਿੰਡ ਦੇ ਜ਼ਿਆਦਾਤਰ ਲੋਕ ਦਿਹਾੜੀ ਕਰਦੇ ਹਨ। ਗੁਜ਼ਾਰੇ ਦਾ ਹੋਰ ਕੋਈ ਸਾਧਨ ਨਹੀਂ ਹੈ। ਪਿੰਡ ਦੇ ਬਹੁਤੇ ਘਰ ਅੱਜ ਵੀ ਕੱਚੇ ਹਨ। ਵਣਜਾਰਾ ਬਰਾਦਰੀ ਨਾਲ ਸਬੰਧਤ ਕਰੀਬ 79 ਪਰਿਵਾਰਾਂ ਵਾਲੇ ਇਸ ਪਿੰਡ ਵਿੱਚ ਸਿਹਤ ਸਹੂਲਤਾਂ ਦਾ ਕੋਈ ਸਾਧਨ ਨਹੀਂ। ਹਨੇਰੇ ਸਵੇਰੇ ਜੇ ਕੋਈ ਬਿਮਾਰ ਹੋ ਜਾਵੇ ਤਾਂ ਉਸ ਨੂੰ ਕੱਚੇ ਰਾਹਾਂ ਤੋਂ ਹੀ ਚੰਡੀਗੜ੍ਹ ਜਾਂ ਪਿੰਜੌਰ ਲਿਜਾਣਾ ਪੈਂਦਾ ਹੈ। ਆਂਗਣਵਾੜੀ ਵਰਕਰ ਰਕਸ਼ਾ ਨੇ ਦੱਸਿਆ ਕਿ ਜਣੇਪੇ ਵੇਲੇ ਔਰਤਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪਿੰਡ ਵਾਸੀ ਧਰਮਪਾਲ ਨੇ ਦੱਸਿਆ ਕਿ ਉਨ੍ਹਾਂ ਦੀ ਸਿਹਤ ਸੰਭਾਲ ਤਾਂ ਰੱਬ ਆਸਰੇ ਹੈ।
ਪਿੰਡ ਦੇ ਮਹਿੰਦਰਪਾਲ ਸਿੰਘ ਨੇ ਦੱਸਿਆ ਕਿ ਵੇਲੇ ਕੁਵੇਲੇ ਬਿਮਾਰ ਹੋਣ ’ਤੇ ਉਨ੍ਹਾਂ ਕੋਲ ਹਸਪਤਾਲ ਜਾਣ ਵਾਸਤੇ ਕੋਈ ਸਾਧਨ ਨਹੀਂ ਹੁੰਦਾ। ਹੋਰ ਤਾਂ ਹੋਰ ਪਿੰਡ ’ਚ ਮੋਬਾਈਲ ਫੋਨ ਦਾ ਸਿਗਨਲ ਵੀ ਬਹੁਤ ਘੱਟ ਆਉਂਦਾ ਹੈ ਤੇ ਉਹ ਛੇਤੀ ਕੀਤੇ ਕਿਸੇ ਤੋਂ ਸਹਾਇਤਾ ਦੀ ਆਸ ਵੀ ਨਹੀਂ ਰੱਖ ਸਕਦੇ। ਪਿੰਡ ਦੀ ਨੂੰਹ ਸੁਰਜੀਤ ਕੌਰ ਨੇ ਦੱਸਿਆ ਕਿ ਸਹੂਲਤਾਂ ਦੀ ਘਾਟ ਕਾਰਨ ਲੋਕ ਪਿੰਡ ਛੱਡ ਕੇ ਜਾ ਰਹੇ ਹਨ। ਇਥੇ ਰਹਿੰਦੇ ਪਰਿਵਾਰਾਂ ਨੂੰ ਵੀ ਆਪਣੇ ਬੱਚਿਆਂ ਦੇ ਰਿਸ਼ਤੇ ਕਰਨ ਵਿੱਚ ਦਿੱਕਤ ਆਉਂਦੀ ਹੈ। ਖਾਸ ਕਰਕੇ ਕੋਈ ਆਪਣੀ ਧੀ ਇਸ ਪਿੰਡ ਵਿੱਚ ਨਹੀਂ ਵਿਆਹੁਣੀ ਚਾਹੁੰਦਾ। ਪਿੰਡ ਵਿੱਚ ਹਾਲੇ ਤੱਕ ਨਹੀਂ ਆਈ ਕੋਈ ਬੱਸ।
ਸੱਤ ਜਮਾਤਾਂ ਲਈ ਇਕ ਹੀ ਸਰਕਾਰੀ ਅਧਿਆਪਕ
ਇਸ ਪਿੰਡ ਵਿੱਚ ਪ੍ਰਾਇਮਰੀ ਸਕੂਲ ਹੈ। ਸਕੂਲ ਦਾ ਇਕ ਹੀ ਅਧਿਆਪਕ ਪਹਿਲੀ ਤੋਂ ਪੰਜਵੀਂ ਤੱਕ ਦੀਆਂ ਪੰਜ ਜਮਾਤਾਂ ਅਤੇ ਕੱਚੀ ਦੀਆਂ ਦੋ ਜਮਾਤਾਂ ਦੇ 50 ਵਿਦਿਆਰਥੀਆਂ ਨੂੰ ਪੜ੍ਹਾ ਰਿਹਾ ਹੈ। ਇਸ ਤੋਂ ਇਲਾਵਾ ਪਿੰਡ ਵਿੱਚ ਚੋਣਾਂ, ਜਨਗਣਨਾ ਕਰਨ ਅਤੇ ਮਿੱਡ-ਡੇਅ ਮੀਲ ਸਮੇਂ ਹੋਰ ਕੰਮਕਾਜ ਦੀ ਜ਼ਿੰਮੇਵਾਰੀ ਵੀ ਉਸੇ ਅਧਿਆਪਕ ਨੂੰ ਦਿੱਤੀ ਹੋਈ ਹੈ। ਚਾਰ ਕਮਰਿਆਂ ਦੇ ਸਕੂਲ ਦੀ ਹਾਲਤ ਵੀ ਖਸਤਾ ਹੋਈ ਪਈ ਹੈ, ਉਸੇ ਥਾਂ ’ਤੇ ਆਂਗਣਵਾੜੀ ਸੈਂਟਰ ਚੱਲ ਰਿਹਾ ਹੈ। ਇਸ ਤੋਂ ਇਲਾਵਾ ਪਿੰਡ ਨੂੰ ਜਾਣ ਵਾਲੀ ਸੜਕ ਵੀ ਮੀਂਹ ਦੌਰਾਨ ਡੁੱਬ ਜਾਂਦੀ ਹੈ, ਜਿਸ ਕਰਕੇ ਮੀਂਹ ’ਚ ਪਿੰਡ ਦਾ ਸੰਪਰਕ ਵੀ ਸ਼ਹਿਰ ਨਾਲੋਂ ਟੁੱਟ ਜਾਂਦਾ ਹੈ।
ਪਿੰਡ ਵਾਸੀਆਂ ਨੂੰ ਸਿਆਸੀ ਆਗੂਆਂ ’ਤੇ ਰੋਸ
ਪਿੰਡ ਵਾਸੀਆਂ ਨੇ ਰੋਸ ਜ਼ਾਹਿਰ ਕੀਤਾ ਕਿ ਸਿਆਸੀ ਆਗੂ ਵੋਟਾਂ ਮੰਗਣ ਤਾਂ ਜ਼ਰੂਰ ਆਉਂਦੇ ਹਨ, ਪਰ ਫਿਰ ਕੋਈ ਉਨ੍ਹਾਂ ਦੀ ਸਾਰ ਨਹੀਂ ਲੈਂਦਾ। ਸਿਆਸੀ ਆਗੂਆਂ ਦੇ ਕਾਫ਼ਲੇ ਇਸ ਵਾਰ ਵੀ ਆਏ ਸਨ ਪਰ ਚੋਣਾਂ ਜਿੱਤਣ ਤੋਂ ਬਾਅਦ ਸਿਆਸੀ ਧੂੜ ਹੌਲੀ-ਹੌਲੀ ਉਨ੍ਹਾਂ ਦੀਆਂ ਕਿਸਮਤ ਦੀਆਂ ਲਕੀਰਾਂ ਢਕ ਲੈਂਦੀ ਹੈ। ਉਨ੍ਹਾਂ ਦੀਆਂ ਆਸਾਂ ਉਮੀਦਾਂ ਫਿਰ ਮੁੱਠੀ ਵਿੱਚੋਂ ਰੇਤ ਵਾਂਗ ਕਿਰ ਜਾਂਦੀਆਂ ਹਨ। ਇਸ ਬਾਰੇ ਵਿਧਾਨ ਸਭਾ ਹਲਕਾ ਖਰੜ ਦੀ ਵਿਧਾਇਕਾ ਅਨਮੋਲ ਗਗਨ ਮਾਨ ਨਾਲ ਸੰਪਰਕ ਕਰਨ ਦੀ ਕਈ ਵਾਰ ਕੋਸ਼ਿਸ਼ ਕੀਤੀ ਪਰ ਸੰਪਰਕ ਨਹੀਂ ਹੋਇਆ। ਜ਼ਿਲ੍ਹਾ ਮੁਹਾਲੀ ਦੇ ਡਿਪਟੀ ਕਮਿਸ਼ਨਰ ਅਮਿਤ ਤਲਵਾੜ ਨੇ ਕਿਹਾ ਕਿ ਉਹ ਪਿੰਡ ਦਾ ਦੌਰਾ ਕਰਕੇ ਲੋੜੀਂਦੀਆਂ ਸਹੂਲਤਾਂ ਮੁਹੱਈਆ ਕਰਵਾਉਣਗੇ।