ਪਾਲ ਸਿੰਘ ਨੌਲੀ
ਜਲੰਧਰ, 22 ਅਪਰੈਲ
ਜੀਐੱਸਟੀ (ਮੋਬਾਈਲ ਵਿੰਗ) ਦੇ ਜੁਆਇੰਟ ਡਾਇਰੈਕਟਰ ਬੀਕੇ ਵਿਰਦੀ ਨੂੰ ਫੜਨ ਲਈ ਪੁੱਜੀ ਵਿਜੀਲੈਂਸ ਦੀ ਟੀਮ ਨੂੰ ਖਾਲੀ ਹੱਥ ਪਰਤਣਾ ਪਿਆ। ਵਿਜੀਲੈਂਸ ਦੀ ਟੀਮ ਤੜਕੇ ਹੀ ਗੁਰੂ ਗੋਬਿੰਦ ਸਿੰਘ ਨਗਰ ਵਿਚਲੇ ਸ੍ਰੀ ਵਿਰਦੀ ਦੇ ਘਰ ਪੁੱਜੀ ਪਰ ਘਰ ਵਿੱਚ ਜਿੰਦਰਾ ਲੱਗਾ ਹੋਣ ਕਰਕੇ ਉਨ੍ਹਾਂ ਨੂੰ ਕਈ ਘੰਟੇ ਬਾਹਰ ਹੀ ਇੰਤਜ਼ਾਰ ਕਰਨਾ ਪਿਆ। ਵਿਜੀਲੈਂਸ ਕੋਲ ਇਹ ‘ਪੱਕੀ’ ਸੂਹ ਸੀ ਕਿ ਭ੍ਰਿਸ਼ਟਾਚਾਰ ਦੇ ਮਾਮਲਿਆਂ ਵਿੱਚ ਫਸੇ ਬੀਕੇ ਵਿਰਦੀ ਆਪਣੇ ਘਰ ਅੰਦਰ ਹੀ ਹਨ। ਸ੍ਰੀ ਵਿਰਦੀ ਦੀ ਪਤਨੀ ਅਤੇ ਉਨ੍ਹਾਂ ਦਾ ਸਹੁਰਾ ਉੱਥੇ ਪੁੱਜੇ ਤੇ ਉਨ੍ਹਾਂ ਨੇ ਘਰ ਦਾ ਜਿੰਦਰਾ ਖੋਲ੍ਹਿਆ।
ਜ਼ਿਕਰਯੋਗ ਹੈ ਕਿ ਮੁਅੱਤਲ ਚੱਲ ਰਹੇ ਵਿਰਦੀ ਵਿਰੁੱਧ ਪਿਛਲੇ ਸਾਲ ਅਗਸਤ ਵਿੱਚ ਮੁਹਾਲੀ ਦੇ ਵਿਜੀਲੈਂਸ ਪੁਲੀਸ ਥਾਣੇ ਵਿੱਚ ਭ੍ਰਿਸ਼ਟਾਚਾਰ ਰੋਕੂ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਸੀ।
ਵਿਜੀਲੈਂਸ ਨੇ ਇਸ ਉਮੀਦ ਨਾਲ ਛਾਪਾ ਮਾਰਿਆ ਸੀ ਕਿ ਵਿਰਦੀ ਆਪਣੇ ਘਰ ਅੰਦਰ ਹੀ ਹਨ। ਟੀਮ ਨੇ ਘਰ ਨੂੰ ਸਾਰੇ ਪਾਸਿਆਂ ਤੋਂ ਘੇਰ ਲਿਆ ਤੇ ਘਰ ਦੇ ਸਾਹਮਣੇ ਕੁਰਸੀਆਂ ਡਾਹ ਕੇ ਕਈ ਘੰਟੇ ਬੈਠੀ ਰਹੀ ਪਰ ਉਨ੍ਹਾਂ ਨੂੰ ਨਿਰਾਸ਼ਾ ਹੀ ਹੱਥ ਲੱਗੀ।
ਇਸੇ ਦੌਰਾਨ ਵਿਰਦੀ ਦੀ ਪਤਨੀ ਅਤੇ ਉਨ੍ਹਾਂ ਦਾ ਸਹੁਰਾ ਉੱਥੇ ਪਹੁੰਚੇ, ਜਿਨ੍ਹਾਂ ਦੀ ਵਿਜੀਲੈਂਸ ਦੇ ਅਧਿਕਾਰੀਆਂ ਨਾਲ ਤੂੰ-ਤੂੰ, ਮੈਂ-ਮੈਂ ਵੀ ਹੋਈ। ਜਦੋਂ ਉਨ੍ਹਾਂ ਨੇ ਘਰ ਖੋਲ੍ਹਿਆ ਤਾਂ ਵਿਜੀਲੈਂਸ ਨੇ ਘਰ ਦੀ ਤਲਾਸ਼ੀ ਵੀ ਲਈ ਪਰ ਅੰਦਰੋਂ ਕੁਝ ਵੀ ਨਹੀਂ ਮਿਲਿਆ। ਇਸ ਮਗਰੋਂ ਵਿਜਪਲੈਂਸ ਦੀ ਟੀਮ ਖਾਲੀ ਹੱਥ ਹੀ ਉੱਥੋਂ ਪਰਤ ਗਈ।