ਦਵਿੰਦਰ ਪਾਲ
ਚੰਡੀਗੜ੍ਹ, 25 ਅਗਸਤ
ਪੰਜਾਬ ਵਿਜੀਲੈਂਸ ਬਿਊਰੋ ਨੇ ਆਪਣੇ ਇਕ ਸਾਬਕਾ ਅਧਿਕਾਰੀ ਆਸ਼ੀਸ਼ ਕਪੂਰ ਖਿਲਾਫ਼ ਸ਼ਿਕੰਜਾ ਕੱਸਦਿਆਂ ਸਰੋਤਾਂ ਤੋਂ ਵੱਧ ਆਮਦਨ ਦੀ ਪੜਤਾਲ ਸ਼ੁਰੂ ਕਰਨ ਦੇ ਨਾਲ ਲੁੱਕ-ਆਊਟ ਨੋਟਿਸ (ਐੱਲਓਸੀ) ਜਾਰੀ ਕਰਵਾ ਦਿੱਤਾ ਹੈ। ਪੁਲੀਸ ਅਧਿਕਾਰੀ ਕਾਂਗਰਸ ਸਰਕਾਰ ਦੇ ਕਾਰਜਕਾਲ ਦੌਰਾਨ ਵਿਜੀਲੈਂਸ ਬਿਊਰੋ ਵਿੱਚ ਤਾਇਨਾਤ ਰਿਹਾ ਹੈ। ਉਦੋਂ ਕਪੂਰ ਨੂੰ ਪੰਜਾਬ ਪੁਲੀਸ ਦੇ ਸੀਨੀਅਰ ਅਧਿਕਾਰੀਆਂ ਨਾਲ ਨੇੜਤਾ ਕਰਕੇ ਸੰਵੇਦਨਸ਼ੀਲ ਅਤੇ ਅਹਿਮ ਮਾਮਲਿਆਂ ਦੀ ਪੜਤਾਲ ਦਾ ਜ਼ਿੰਮਾ ਦਿੱਤਾ ਗਿਆ ਸੀ। ਇਨ੍ਹਾਂ ਵਿੱਚ ਅਕਾਲੀ-ਭਾਜਪਾ ਸਰਕਾਰ ਸਮੇਂ ਹੋਇਆ ਬਹੁਕਰੋੜੀ ਸਿੰਜਾਈ ਘੁਟਾਲਾ, ਸੁਰਿੰਦਰਪਾਲ ਸਿੰਘ ਪਹਿਲਵਾਨ, ਨਾਇਬ ਤਹਿਸੀਲਦਾਰ ਵਰਿੰਦਰ ਪਾਲ ਧੂਤ ਖਿਲਾਫ ਕਰ ਤੇ ਆਬਕਾਰੀ ਵਿਭਾਗ ਦੇ ਕਰ ਘੁਟਾਲੇ ਆਦਿ ਸਣੇ ਕਈ ਹੋਰ ਮਾਮਲੇ ਸ਼ਾਮਲ ਹਨ। ਵਿਜੀਲੈਂਸ ਅਧਿਕਾਰੀਆਂ ਦਾ ਦੱਸਣਾ ਹੈ ਕਿ ਸੂਬੇ ਵਿੱਚ ਸੱਤਾ ਤਬਦੀਲੀ ਮਗਰੋਂ ਆਸ਼ੀਸ਼ ਕਪੂਰ ਵੱਲੋਂ ਜਿਨ੍ਹਾਂ ਮਾਮਲਿਆਂ ਦੀ ਤਫ਼ਤੀਸ਼ ਕੀਤੀ ਗਈ ਸੀ, ਉਨ੍ਹਾਂ ਮਾਮਲਿਆਂ ’ਚ ਨਾਮਜ਼ਦ ਵਿਅਕਤੀਆਂ ਵੱਲੋਂ ਕੀਤੇ ਸਨਸਨੀਖੇਜ਼ ਖੁਲਾਸਿਆਂ ਤੋਂ ਬਾਅਦ ਸਰੋਤਾਂ ਤੋਂ ਵੱਧ ਆਮਦਨ ਮਾਮਲੇ ਦੀ ਪੜਤਾਲ ਆਰੰਭ ਕੀਤੀ ਗਈ ਸੀ। ਅਧਿਕਾਰੀਆਂ ਨੇ ਮੰਨਿਆ ਕਿ ਬਿਊਰੋ ’ਚ ਤਾਇਨਾਤ ਕਈ ਸੀਨੀਅਰ ਅਤੇ ਜੂਨੀਅਰ ਅਧਿਕਾਰੀਆਂ ਵੱਲੋਂ ਕਾਂਗਰਸ ਸਰਕਾਰ ਦੇ ਕਾਰਜਕਾਲ ਦੌਰਾਨ ਮੋਟੇ ਹੱਥ ਰੰਗਣ ਦੀਆਂ ਸ਼ਿਕਾਇਤਾਂ ਮਿਲੀਆਂ ਸਨ। ਸਿੰਜਾਈ ਵਿਭਾਗ ਦੇ ਇੰਜਨੀਅਰਾਂ ਵੱਲੋਂ ਵੀ ਅਜਿਹੇ ਕਈ ਖੁਲਾਸੇ ਕੀਤੇ ਗਏ ਸਨ। ਅਧਿਕਾਰੀਆਂ ਦਾ ਦੱਸਣਾ ਹੈ ਕਿ ਆਸ਼ੀਸ਼ ਕਪੂਰ ਖਿਲਾਫ਼ ਸਰੋਤਾਂ ਤੋਂ ਵੱਧ ਆਮਦਨ ਦੇ ਮਾਮਲੇ ਵਿੱਚ ਜਾਇਦਾਦ ਹੋਣ ਅਤੇ ਹੋਰ ਸਬੂਤ ਇਕੱਤਰ ਕੀਤੇ ਗਏ ਹਨ। ਇਸ ਪੁਲੀਸ ਅਧਿਕਾਰੀ ਦੇ ਮੁਹਾਲੀ ਸਥਿਤ ਘਰ ਦੀ ਜਾਂਚ ਵੀ ਇਸ ਕਰਕੇ ਕੀਤੀ ਗਈ ਤਾਂ ਜੋ ਕੀਮਤ ਅਤੇ ਖਰਚੇ ਗਏ ਪੈਸਿਆਂ ਦਾ ਅੰਦਾਜ਼ਾ ਲਾਇਆ ਜਾ ਸਕੇ। ਵਿਜੀਲੈਂਸ ਸਾਹਮਣੇ ਅਜਿਹੇ ਤੱਥ ਆਏ ਹਨ ਕਿ ਲੰਘੇ ਸਾਲਾਂ ਦੌਰਾਨ ਅੱਧੀ ਦਰਜਨ ਦੇ ਕਰੀਬ ਅਫ਼ਸਰਾਂ ਦੇ ਖਿਲਾਫ਼ ਸਰੋਤਾਂ ਤੋਂ ਵੱਧ ਮਾਮਲਿਆਂ ਦੀ ਪੜਤਾਲ ਤਾਂ ਆਰੰਭ ਕੀਤੀ ਗਈ ਸੀ, ਪਰ ਤੱਥ ਹੋਣ ਦੇ ਬਾਵਜੂਦ ਅਗਲੇਰੀ ਕਾਰਵਾਈ ਤੋਂ ਟਾਲਾ ਵੱਟ ਲਿਆ ਗਿਆ ਸੀ। ਜਿਨ੍ਹਾਂ ਅਫ਼ਸਰਾਂ ਖਿਲਾਫ਼ ਪੜਤਾਲ ਸ਼ੁਰੂ ਕੀਤੀ ਗਈ ਸੀ, ਉਨ੍ਹਾਂ ਵਿੱਚ ਲੋਕ ਨਿਰਮਾਣ ਵਿਭਾਗ, ਸਿੰਜਾਈ, ਟਰਾਂਸਪੋਰਟ ਸਮੇਤ ਕਈ ਬੋਰਡਾਂ ਅਤੇ ਨਿਗਮਾਂ ਨਾਲ ਸਬੰਧਤ ਸਨ। ਵਿਜੀਲੈਂਸ ਵੱਲੋਂ ਆਪਣੇ ਹੀ ਸਾਬਕਾ ਅਫ਼ਸਰ ਖਿਲਾਫ਼ ਪੜਤਾਲ ਆਰੰਭੀ ਗਈ ਹੈ ਜੋ ਕਿ ਇੱਕ ਅਨੋਖਾ ਮਾਮਲਾ ਹੈ। ਵਿਜੀਲੈਂਸ ਅਧਿਕਾਰੀਆਂ ਦਾ ਦੱਸਣਾ ਹੈ ਕਿ ਇਸ ਮਾਮਲੇ ਵਿੱਚ ਹੋਰਨਾਂ ਅਧਿਕਾਰੀਆਂ ਦੀ ਭੂਮਿਕਾ ਦੀ ਪੜਤਾਲ ਵੀ ਕੀਤੀ ਜਾਵੇਗੀ।
ਘੁਟਾਲਿਆਂ ’ਚ ਜਿਨ੍ਹਾਂ ਦੇ ਨਾਂ ਸਾਹਮਣੇ ਆਏ, ਉਹ ਮੈਨੂੰ ਨਿਸ਼ਾਨਾ ਬਣਾ ਰਹੇ ਹਨ: ਪੁਲੀਸ ਅਧਿਕਾਰੀ
ਏਆਈਜੀ ਆਸ਼ੀਸ਼ ਕਪੂਰ ਨੇ ਕਿਹਾ ਕਿ ਵਿਜੀਲੈਂਸ ਬਿਊਰੋ ਵਿੱਚ ਤਾਇਨਾਤੀ ਦੌਰਾਨ ਉਨ੍ਹਾਂ ਸਿੰਜਾਈ ਘੁਟਾਲੇ ਸਮੇਤ ਵੱਡੇ ਮਾਮਲਿਆਂ ਦੀ ਤਫਤੀਸ਼ ਕੀਤੀ ਸੀ। ਇਸ ਲਈ ਵੱਡੇ ਘੁਟਾਲਿਆਂ ਅਤੇ ਭ੍ਰਿਸ਼ਟਾਚਾਰ ਦੇ ਮਾਮਲਿਆਂ ਵਿੱਚ ਜਿਨ੍ਹਾਂ ਵਿਅਕਤੀਆਂ ਦੇ ਨਾਮ ਸਾਹਮਣੇ ਆਏ ਹਨ, ਹੁਣ ਉਹ ਆਪਣੇ ਬਚਾਅ ਲਈ ਉਨ੍ਹਾਂ ਨੂੰ ਨਿਸ਼ਾਨਾ ਬਣਾ ਰਹੇ ਹਨ। ਕਪੂਰ ਨੇ ਕਿਹਾ ਕਿ ਘੁਟਾਲਿਆਂ ਅਤੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਵਿਅਕਤੀਆਂ ਨੂੰ ਭੁਲੇਖਾ ਹੈ ਕਿ ਉਹ ਉਨ੍ਹਾਂ ਨੂੰ ਬਦਨਾਮ ਕਰਕੇ ਬਚ ਨਿਕਲਣਗੇ।
ਵਿਜੀਲੈਂਸ ਵੱਲੋਂ ਆਸ਼ੀਸ਼ ਕਪੂਰ ਦੇ ਘਰ ’ਤੇ ਦਸਤਕ
ਐਸ.ਏ.ਐਸ. ਨਗਰ (ਮੁਹਾਲੀ) (ਪੱਤਰ ਪ੍ਰੇਰਕ): ਪੰਜਾਬ ਵਿਜੀਲੈਂਸ ਬਿਊਰੋ ਦੀ ਵਿਸ਼ੇਸ਼ ਟੀਮ ਨੇ ਇੱਥੋਂ ਦੇ ਸੈਕਟਰ-88 ਵਿੱਚ ਰਹਿੰਦੇ ਪੰਜਾਬ ਪੁਲੀਸ ਦੇ ਏਆਈਜੀ ਆਸ਼ੀਸ਼ ਕਪੂਰ ਖ਼ਿਲਾਫ਼ ਮਿਲੀ ਸ਼ਿਕਾਇਤ ਦੇ ਸਿਲਸਿਲੇ ਵਿੱਚ ਅੱਜ ਅਧਿਕਾਰੀ ਦੇ ਘਰ ਦਸਤਕ ਦਿੱਤੀ ਅਤੇ ਏਆਈਜੀ ਦੀ ਕੋਠੀ ਦੀ ਪੈਮਾਇਸ਼ ਕੀਤੀ ਗਈ। ਵਿਜੀਲੈਂਸ ਦੀ ਤਕਨੀਕੀ ਟੀਮ ਨੇ ਕੋਠੀ ਦੀ ਮਿਣਤੀ ਕੀਤੀ। ਇਸ ਸਮੁੱਚੀ ਕਾਰਵਾਈ ਦੀ ਵੀਡੀਓਗਰਾਫ਼ੀ ਵੀ ਕੀਤੀ ਗਈ। ਆਸ਼ੀਸ਼ ਕਪੂਰ ਵਿਜੀਲੈਂਸ ਵਿਭਾਗ ਵਿੱਚ ਬਤੌਰ ਏਆਈਜੀ ਸੇਵਾਵਾਂ ਨਿਭਾ ਚੁੱਕੇ ਹਨ। ਉਹ ਮੁਹਾਲੀ ਵਿੱਚ ਐੱਸਪੀ ਸਿਟੀ ਵੀ ਰਹੇ ਹਨ। ਪਿੱਛੇ ਜਿਹੇ ਉਨ੍ਹਾਂ ਦੀ ਬਦਲੀ ਵਿਜੀਲੈਂਸ ਭਵਨ ਮੁਹਾਲੀ ’ਚੋਂ ਕਿਸੇ ਹੋਰ ਥਾਂ ਕੀਤੀ ਗਈ ਸੀ। ਪੁਲੀਸ ਅਧਿਕਾਰੀ ’ਤੇ ਆਮਦਨ ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਦਾ ਕਥਿਤ ਦੋਸ਼ ਹੈ। ਵਿਜੀਲੈਂਸ ਦੀ ਇਸ ਕਾਰਵਾਈ ਦੌਰਾਨ ਏਆਈਜੀ ਆਸ਼ੀਸ਼ ਕਪੂਰ ਅਤੇ ਹੋਰ ਪਰਿਵਾਰਕ ਮੈਂਬਰ ਘਰ ਵਿੱਚ ਮੌਜੂਦ ਸਨ। ਉਨ੍ਹਾਂ ਦੱਸਿਆ ਕਿ ਵਿਜੀਲੈਂਸ ਦੀ ਟੀਮ ਨੂੰ ਜਾਂਚ ਦੌਰਾਨ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ।