ਜੋਗਿੰਦਰ ਮਾਨ/ਆਤਿਸ਼ ਗੁਪਤਾ
ਮਾਨਸਾ/ਚੰਡੀਗੜ੍ਹ, 30 ਅਕਤੂਬਰ
ਗਾਇਕ ਸਿੱਧੂ ਮੂਸੇਵਾਲਾ ਕਤਲ ਮਾਮਲੇ ’ਚ ਸ਼ਾਮਲ ਦੀਪਕ ਟੀਨੂ ਅਤੇ ਲਾਰੈਂਸ ਬਿਸ਼ਨੋਈ ਗੈਂਗ ਦੇ ਕਰੀਬੀ ਮੋਹਿਤ ਭਾਰਦਵਾਜ ਅਤੇ ਸੀਆਈਏ ਸਟਾਫ ਮਾਨਸਾ ਦੇ ਸਾਬਕਾ ਇੰਚਾਰਜ ਪ੍ਰਿਤਪਾਲ ਦੀ ਚੰਡੀਗੜ੍ਹ ਦੇ ਕਲੱਬਾਂ ਵਿੱਚ ਮਸਤੀ ਕਰਦਿਆਂ ਦੀ ਵੀਡੀਓ ਸਾਹਮਣੇ ਆਈ ਹੈ ਜਿਸ ਦੀ ਪੁਲੀਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਸੂਤਰਾਂ ਅਨੁਸਾਰ ਇਹ ਵੀਡੀਓ ਇਹ ਸਪਸ਼ਟ ਕਰਦੀ ਹੈ ਕਿ ਦੀਪਕ ਟੀਨੂ ਪੁਲੀਸ ਨੂੰ ਧੋਖਾ ਦੇ ਕੇ ਨਹੀਂ ਭੱਜਿਆ ਬਲਕਿ ਉਸ ਨੂੰ ਕਥਿਤ ਮਿਲੀਭੁਗਤ ਨਾਲ ਭਜਾਇਆ ਗਿਆ ਹੈ। ਇਸ ਵੀਡੀਓ ਨੂੰ ਵੇਖਣ ਤੋਂ ਬਾਅਦ ਸਿੱਧੂ ਮੂਸੇਵਾਲਾ ਦੇ ਮਾਪਿਆਂ ਅਤੇ ਪ੍ਰਸੰਸਕਾਂ ਨੇ ਪ੍ਰਿਤਪਾਲ ਸਿੰਘ ਖ਼ਿਲਾਫ਼ ਰੋਸ ਜ਼ਾਹਿਰ ਕੀਤਾ ਹੈ। ਹੁਣ ਮਾਨਸਾ ਤੇ ਚੰਡੀਗੜ੍ਹ ਪੁਲੀਸ ਵੱਲੋਂ ਮੋਹਿਤ ਭਾਰਦਵਾਜ ਤੋਂ ਸੀਆਈਏ ਦੇ ਬਰਖਾਸਤ ਇੰਚਾਰਜ ਪ੍ਰਿਤਪਾਲ ਸਿੰਘ ਨੂੰ ਖਰੀਦਦਾਰੀ ਕਰਵਾਉਣ ਤੇ ਐਸ਼ਪ੍ਰਸਤੀ ਕਰਵਾਉਣ ਸਬੰਧੀ ਬਕਾਇਦਾ ਪੁੱਛ-ਪੜਤਾਲ ਕੀਤੀ ਜਾਵੇਗੀ। ਇਸ ਤੋਂ ਇਲਾਵਾ ਚੰਡੀਗੜ੍ਹ ਪੁਲੀਸ ਵੱਲੋਂ ਮੋਹਿਤ ਤੋਂ ਯੂਐੱਸਏ ਦੀ ਬਣੀ ਪਿਸਤੌਲ ਸਪਲਾਈ ਕਰਨ ਅਤੇ ਉਸ ਦੀ ਵਰਤੋਂ ਕਰਨ ਸਬੰਧੀ ਪੁੱਛ-ਪੜਤਾਲ ਕੀਤੀ ਜਾ ਰਹੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਮੋਹਿਤ ਭਾਰਦਵਾਜ ਲਾਰੈਂਸ ਬਿਸ਼ਨੋਈ ਅਤੇ ਸੰਪਤ ਨਹਿਰਾ ਦਾ ਕਰੀਬੀ ਹੈ। ਇਸ ਲਈ ਪੁਲੀਸ ਪੰਜਾਬ ਅਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਫਿਰੌਤੀ ਦੀਆਂ ਵੱਖ-ਵੱਖ ਘਟਨਾਵਾਂ ਸਬੰਧੀ ਵੀ ਪੜਤਾਲ ਕਰ ਰਹੀ ਹੈ। ਲੰਘੇ ਦਿਨ ਚੰਡੀਗੜ੍ਹ ਪੁਲੀਸ ਨੇ ਮਨੀਮਾਜਰਾ ਵਿੱਚ ਮੋਹਿਤ ਭਾਰਦਵਾਜ ਦੀ ਤਲਾਸ਼ੀ ਲਈ ਤਾਂ ਅਮਰੀਕਾ ਦਾ ਬਣਿਆ ਪਿਸਤੌਲ ਬਰਾਮਦ ਹੋਇਆ ਸੀ। ਪੁਲੀਸ ਨੇ ਮੋਹਿਤ ਦਾ ਦੋ ਦਿਨ ਦਾ ਪੁਲੀਸ ਰਿਮਾਂਡ ਹਾਸਲ ਕਰਕੇ ਪੜਤਾਲ ਸ਼ੁਰੂ ਕੀਤੀ ਤਾਂ ਪਤਾ ਲੱਗਿਆ ਕਿ ਉਹ ਦੀਪਕ ਟੀਨੂ ਦਾ ਕਰੀਬੀ ਹੈ, ਜਿਸ ਦੇ ਕਹਿਣ ’ਤੇ ਜੁਲਾਈ 2022 ਵਿੱਚ ਸੀਆਈਏ ਸਟਾਫ ਮਾਨਸਾ ਦੇ ਸਾਬਕਾ ਇੰਚਾਰਜ ਐੱਸਆਈ ਪ੍ਰਿਤਪਾਲ ਸਿੰਘ ਨੂੰ ਚੰਡੀਗੜ੍ਹ ਵਿੱਚ ਮਹਿੰਗੀ ਸ਼ਾਪਿੰਗ ਕਰਵਾਈ ਸੀ ਤੇ ਕਲੱਬਾਂ ਵਿੱਚ ਘੁਮਾਇਆ ਗਿਆ ਸੀ।
ਮੋਹਿਤ ਦੇ ਮੋਬਾਈਲ ਵਿੱਚੋਂ ਹੀ ਨਿਕਲੀ 41 ਸਕਿੰਟ ਦੀ ਵੀਡੀਓ
ਦਿਲਚਸਪ ਗੱਲ ਹੈ ਕਿ 41 ਸਕਿੰਟ ਦੀ ਇਹ ਵੀਡੀਓ ਕਿਸੇ ਆਮ ਬੰਦੇ ਰਾਹੀਂ ਨਹੀਂ, ਸਗੋਂ ਮੋਹਿਤ ਨੂੰ ਹਿਰਾਸਤ ਵਿੱਚ ਲੈਣ ਮਗਰੋਂ ਉਸ ਦੇ ਮੋਬਾਈਲ ਵਿਚੋਂ ਹੀ ਮਿਲੀ ਦੱਸੀ ਜਾਂਦੀ ਹੈ ਅਤੇ ਇਸ ਵੀਡੀਓ ਨੂੰ ਮੋਹਿਤ ਨੇ ਹੀ ਬਣਾਇਆ ਸੀ। ਇੱਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇਸ ਸਬੰਧ ਵਿਚ ਪੁਲੀਸ ਵਲੋਂ ਚੰਡੀਗੜ੍ਹ ਦੇ ਕਲੱਬ ਮਾਲਕਾਂ ਤੋਂ ਵੀ ਪੁੱਛ-ਪੜਤਾਲ ਕੀਤੀ ਜਾਵੇਗੀ। ਮਾਨਸਾ ਦੇ ਸੀਨੀਅਰ ਕਪਤਾਨ ਪੁਲੀਸ ਗੌਰਵ ਤੂਰਾ ਨੇ ਦੱਸਿਆ ਕਿ ਮੋਹਿਤ ਭਾਰਦਵਾਜ ਨੂੰ ਮਾਨਸਾ ਲਿਆ ਕੇ ਪੁੱਛ-ਪੜਤਾਲ ਕੀਤੀ ਜਾਵੇਗੀ।