ਪਾਲ ਸਿੰਘ ਨੌਲੀ
ਜਲੰਧਰ, 21 ਮਈ
ਬਹਬਿਲ ਕਲਾਂ ਵਿੱਚ ਪੁਲੀਸ ਦੀ ਗੋਲੀ ਨਾਲ ਸ਼ਹੀਦ ਹੋਏ ਕ੍ਰਿਸ਼ਨ ਭਗਵਾਨ ਸਿੰਘ ਦੇ ਪੁੱਤਰ ਸੁਖਰਾਜ ਸਿੰਘ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਚੱਲ ਰਹੇ ਬਹਬਿਲ ਕਲਾਂ ਕੇਸ ਦੀ ਮਜ਼ਬੂਤੀ ਨਾਲ ਪੈਰਵੀ ਕੀਤੀ ਜਾਵੇ। ਉਨ੍ਹਾਂ ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬਹਬਿਲ ਕਲਾਂ ਗੋਲੀ ਕਾਂਡ ਦਾ ਕੇਸ ਹੁਣ ਹਾਈ ਕੋਰਟ ਵਿੱਚ ਆਖਰੀ ਪੜਾਅ ’ਤੇ ਹੈ ਤੇ ਇਸ ਗੱਲ ਦਾ ਖ਼ਾਸ ਖਿਆਲ ਰੱਖਿਆ ਜਾਵੇ ਕਿ ਕਿਧਰੇ ਇਸ ਕੇਸ ਦਾ ਹਾਲ ਵੀ ਕੋਟਕਪੂਰਾ ਗੋਲੀ ਕਾਂਡ ਵਰਗਾ ਨਾ ਹੋਵੇ। ਉਸ ਨੇ ਕਿਹਾ ਕਿ ਕੋਟਕਪੂਰਾ ਬਾਰੇ ਹਾਈ ਕੋਰਟ ਵੱਲੋਂ ਸੁਣਾਏ ਫੈਸਲੇ ਨੂੰ ਪੰਜਾਬ ਸਰਕਾਰ ਸੁਪਰੀਮ ਕੋਰਟ ਵਿੱਚ ਚੁਣੌਤੀ ਦੇਵੇ।
ਸੁਖਰਾਜ ਸਿੰਘ ਨੇ ਇਹ ਦਾਅਵਾ ਵੀ ਕੀਤਾ ਕਿ ਕੋਟਕਪੂਰਾ ਗੋਲੀ ਕਾਂਡ ਬਾਰੇ ਜਾਂਚ ਕਰ ਰਹੇ ਸਿਟ ਦੇ ਅਧਿਕਾਰੀ, ਜਿਨ੍ਹਾਂ ਵਿੱਚ ਕੁੰਵਰ ਵਿਜੈ ਪ੍ਰਤਾਪ ਸਿੰਘ ਸਣੇ ਸਮੁੱਚੀ ਜਾਂਚ ਟੀਮ ਇਸ ਗੱਲ ਲਈ ਜ਼ਿੰਮੇਵਾਰ ਹੈ ਜਿਨ੍ਹਾਂ ਕਰਕੇ ਪੁਲੀਸ ਦੇ 7 ਅਧਿਕਾਰੀ ਛੁੱਟ ਗਏ ਹਨ ਤੇ ਸਿਰਫ ਤਿੰਨ ਪੁਲੀਸ ਅਧਿਕਾਰੀਆਂ ਵਿਰੁੱਧ ਹੀ ਦੋਸ਼ ਲਾਏ ਗਏ ਹਨ ਜਦਕਿ ਇੱਕ ਵਾਅਦਾ ਮੁਆਫ਼ ਗਵਾਹ ਬਣ ਗਿਆ ਸੀ। ਸੁਖਰਾਜ ਸਿੰਘ ਨੇ ਪੰਜਾਬ ਸਰਕਾਰ ਨੂੰ ਸਵਾਲ ਕੀਤਾ ਕਿ ਉਹ ਸਪੱਸ਼ਟ ਕਰੇ ਕਿ ਜਿਹੜੇ 7 ਪੁਲੀਸ ਅਧਿਕਾਰੀ ਇਸ ਕੇਸ ਵਿੱਚੋਂ ਬਾਹਰ ਕੱਢੇ ਗਏ ਸਨ ਉਹ ਕਿਸ ਦੇ ਦਬਾਅ ਹੇਠ ਕੱਢੇ ਸਨ।
ਉਨ੍ਹਾਂ ਕਿਹਾ ਕਿ ਕੁੰਵਰ ਵਿਜੈ ਪ੍ਰਤਾਪ ਸਿੰਘ ਕੋਲ ਕੋਟਕਪੂਰਾ ਕੇਸ ਹੀ ਸੀ ਫਿਰ ਉਨ੍ਹਾਂ ਨੂੰ ਬਹਬਿਲ ਕਲਾਂ ਦਾ ਕੇਸ ਵੀ ਸੌਂਪ ਦਿੱਤਾ ਸੀ। ਇੱਕ ਹੋਰ ਸਵਾਲ ਦੇ ਜਵਾਬ ਵਿੱਚ ਸੁਖਰਾਜ ਨੇ ਕਿਹਾ ਕਿ ਕੁੰਵਰ ਵਿਜੈ ਪ੍ਰਤਾਪ ਸਿੰਘ ਨੂੰ ਇਸ ਕੇਸ ਵਿੱਚ ਦਸਵਾਂ ਚਲਾਨ ਵੀ ਪੇਸ਼ ਕਰਨਾ ਚਾਹੀਦਾ ਸੀ। ਸੁਖਰਾਜ ਸਿੰਘ ਨੇ ਕਿਹਾ ਕਿ ਕਾਂਗਰਸ ਸਰਕਾਰ ਦੇ ਸਾਢੇ ਚਾਰ ਸਾਲ ਬੀਤ ਗਏ ਹਨ ਅਜੇ ਤੱਕ ਕੋਈ ਇਨਸਾਫ਼ ਨਹੀਂ ਮਿਲਿਆ ਜਦਕਿ ਇਹ ਸਰਕਾਰ ਬੇਅਦਬੀ ਤੇ ਬਹਬਿਲਾਂ ਕਲਾਂ ਗੋਲੀ ਕਾਂਡ ਦੇ ਮਸਲੇ ਦਾ ਹੱਲ ਕਰਨ ਅਤੇ ਮੁਲਜ਼ਮਾਂ ਨੂੰ ਸਜ਼ਾਵਾਂ ਦਿਵਾਉਣ ਦੇ ਵਾਅਦੇ ਕਰਕੇ ਸੱਤਾ ਵਿੱਚ ਆਈ ਸੀ। ਉਨ੍ਹਾਂ ਨੇ ਕਿਹਾ ਕਿ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਹੁਣ ਇਸ ਮਾਮਲੇ ’ਤੇ ਰੋਜ਼ਾਨਾ ਕੋਈ ਨਾ ਕੋਈ ਟਵੀਟ ਕਰਕੇ ਮਸਲੇ ਨੂੰ ਉਭਾਰ ਰਹੇ ਹਨ ਪਰ ਉਹ ਪਹਿਲਾਂ ਕਿੱਥੇ ਸਨ?
ਤਿੰਨ ਡੇਰਾ ਪ੍ਰੇਮੀਆਂ ਦਾ 24 ਤੱਕ ਪੁਲੀਸ ਰਿਮਾਂਡ
ਫ਼ਰੀਦਕੋਟ (ਜਸਵੰਤ ਜੱਸ): ਗੁਰੂ ਗ੍ਰੰਥ ਸਾਹਿਬ ਦੇ ਪੱਤਰੇ ਪਾੜ ਕੇ ਗਲੀਆਂ ਵਿੱਚ ਖਿਲਾਰਨ ਦੇ ਦੋਸ਼ ਹੇਠ ਗ੍ਰਿਫ਼ਤਾਰ 6 ਡੇਰਾ ਪ੍ਰੇਮੀਆਂ ਵਿੱਚੋਂ 3 ਨੂੰ ਇਲਾਕਾ ਮੈਜਿਸਟ੍ਰੇਟ ਨੇ ਸੋਮਵਾਰ ਤੱਕ ਪੁਲੀਸ ਰਿਮਾਂਡ ’ਤੇ ਭੇਜਣ ਦਾ ਆਦੇਸ਼ ਦਿੱਤਾ ਹੈ। ਅਦਾਲਤ ਨੇ ਇਸ ਤੋਂ ਇਲਾਵਾ ਕਰੋਨਾ ਪਾਜ਼ੇਟਿਵ ਆਏ ਬਾਕੀ ਤਿੰਨ ਡੇਰਾ ਪ੍ਰੇਮੀਆਂ ਨੂੰ ਪਹਿਲੀ ਜੂਨ ਤੱਕ ਅਦਾਲਤੀ ਹਿਰਾਸਤ ਵਿੱਚ ਭੇਜਣ ਦੇ ਹੁਕਮ ਦਿੱਤੇ ਹਨ। ਕਰੋਨਾ ਪਾਜ਼ੇਟਿਵ ਆਏ ਡੇਰਾ ਪ੍ਰੇਮੀ ਨਿਸ਼ਾਨ ਸਿੰਘ, ਬਲਜੀਤ ਸਿੰਘ ਅਤੇ ਸੁਖਜਿੰਦਰ ਸਿੰਘ ਪਹਿਲੀ ਜੂਨ ਤੱਕ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਦੇ ਕਰੋਨਾ ਵਾਰਡ ਵਿੱਚ ਇਲਾਜ ਅਧੀਨ ਰੱਖੇ ਜਾਣਗੇ। ਇਸੇ ਦਰਮਿਆਨ ਡੇਰਾ ਪ੍ਰੇਮੀ ਸ਼ਕਤੀ ਸਿੰਘ, ਰਣਜੀਤ ਸਿੰਘ ਅਤੇ ਪ੍ਰਦੀਪ ਸਿੰਘ ਨੇ ਆਪਣੇ ਵਕੀਲ ਵਿਨੋਦ ਮੌਂਗਾ ਰਾਹੀਂ ਅਦਾਲਤ ਵਿੱਚ ਲਿਖਤੀ ਅਰਜ਼ੀ ਦੇ ਕੇ ਮਾਮਲੇ ਦੀ ਪੜਤਾਲ ਕਰ ਰਹੇ ਇੰਸਪੈਕਟਰ ਦਲਬੀਰ ਸਿੰਘ ਅਤੇ ਥਾਣਾ ਬਾਜਾਖਾਨਾ ਐੱਸ ਐੱਚ ਓ ਇਕਬਾਲ ਹੁਸੈਨ ’ਤੇ ਕਥਿਤ ਕੁੱਟਮਾਰ ਕਰਕੇ ਅਦਾਲਤ ਵਿੱਚ ਗੁਨਾਹ ਕਬੂਲ ਕਰਨ ਲਈ ਮਜ਼ਬੂਰ ਕਰਨ ਦੇ ਦੋਸ਼ ਲਾਏ ਹਨ। ਅਦਾਲਤ ਨੇ ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਇੰਸਪੈਕਟਰ ਦਲਬੀਰ ਸਿੰਘ ਅਤੇ ਐੱਸ ਐੱਚ ਓ ਹੁਸੈਨ ਨੂੰ ਹਦਾਇਤ ਕੀਤੀ ਹੈ ਕਿ ਇਸ ਸ਼ਿਕਾਇਤ ਸਬੰਧੀ ਉਹ ਆਪਣਾ ਲਿਖਤੀ ਜਵਾਬ 24 ਮਈ ਤੱਕ ਅਦਾਲਤ ਵਿੱਚ ਪੇਸ਼ ਕਰਨ। ਵਿਸ਼ੇਸ਼ ਜਾਂਚ ਟੀਮ ਨੇ 16 ਮਈ ਨੂੰ ਡੇਰਾ ਪ੍ਰੇਮੀਆਂ ਨੂੰ ਗ੍ਰਿਫ਼ਤਾਰ ਕਰਕੇ 17 ਮਈ ਨੂੰ ਅਦਾਲਤ ਵਿੱਚ ਪੇਸ਼ ਕੀਤਾ ਸੀ ਅਤੇ ਦਾਅਵਾ ਕੀਤਾ ਸੀ ਕਿ ਡੇਰਾ ਪ੍ਰੇਮੀਆਂ ਕੋਲ ਗੁਰੂ ਗ੍ਰੰਥ ਸਾਹਿਬ ਦੇ 100 ਪੰਨੇ ਅਤੇ ਜਿਲਦ ਹੈ, ਪਰ ਚਾਰ ਦਿਨਾਂ ਦੇ ਪੁਲੀਸ ਰਿਮਾਂਡ ਦੌਰਾਨ ਜਾਂਚ ਟੀਮ ਮੁਲਜ਼ਮਾਂ ਪਾਸੋਂ ਗੁਰੂ ਗ੍ਰੰਥ ਸਾਹਿਬ ਦੇ ਪੱਤਰੇ ਅਤੇ ਜਿਲਦ ਬਰਾਮਦ ਨਹੀਂ ਕਰਵਾ ਸਕੀ। ਜਾਂਚ ਟੀਮ ਨੇ ਅਦਾਲਤ ਨੂੰ ਦੱਸਿਆ ਕਿ ਕਰੋਨਾ ਪਾਜ਼ੇਟਿਵ ਹੋਣ ਕਾਰਨ ਤਿੰਨ ਮੁਲਜ਼ਮਾਂ ਤੋਂ ਪੁੱਛ-ਪੜਤਾਲ ਨਹੀਂ ਹੋ ਸਕੀ। ਜਾਂਚ ਟੀਮ ਨੇ ਘਟਨਾ ਵਿੱਚ ਵਰਤਿਆ ਗਿਆ ਇੱਕ ਮੋਟਰਸਾਈਕਲ ਵੀ ਅਜੇ ਤੱਕ ਬਰਾਮਦ ਨਹੀਂ ਕਰਵਾਇਆ।