ਗਗਨਦੀਪ ਅਰੋੜਾ
ਲੁਧਿਆਣਾ, 10 ਜੁਲਾਈ
ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਖ਼ਿਲਾਫ਼ ਲੁਧਿਆਣਾ ਦੀ ਅਦਾਲਤ ਵੱਲੋਂ ਦਿੱਤੇ ਐੱਫਆਈਆਰ ਦੇ ਹੁਕਮਾਂ ਤੋਂ ਬਾਅਦ ਕਾਰਵਾਈ ਨਾ ਹੋਣ ’ਤੇ ਅੱਜ ਪੀੜਤ ਔਰਤ ਥਾਣਾ ਡਿਵੀਜ਼ਨ ਨੰਬਰ 6 ਪੁੱਜੀ। ਉਸ ਨੇ ਕਿਹਾ ਕਿ 7 ਜੁਲਾਈ ਨੂੰ ਅਦਾਲਤ ਨੇ ਪੁਲੀਸ ਨੂੰ ਤੁਰੰਤ ਕੇਸ ਦਰਜ ਕਰਕੇ ਰਿਪੋਰਟ 15 ਜੁਲਾਈ ਤੱਕ ਪੇਸ਼ ਕਰਨ ਲਈ ਆਖਿਆ ਸੀ ਪਰ ਹਾਲੇ ਤੱਕ ਕੁਝ ਨਹੀਂ ਹੋਇਆ। ਅੱਜ ਪੀੜਤਾ ਨੇ ਡਿਵੀਜ਼ਨ ਨੰਬਰ 6 ਦੇ ਥਾਣੇ ’ਚ ਐਫ਼ਆਈਆਰ ਦਰਜ ਕਰਨ ਦੀ ਅਪੀਲ ਕੀਤੀ। ਪੁਲੀਸ ਨੇ ਬਹਾਨਾ ਬਣਾ ਦਿੱਤਾ ਕਿ ਉਨ੍ਹਾਂ ਦਾ ਕੰਪਿਊਟਰ ਨਹੀਂ ਚੱਲ ਰਿਹਾ ਅਤੇ ਕੁਝ ਦੇਰ ਬਾਅਦ ਉਨ੍ਹਾਂ ਬਿਜਲੀ ਨਾ ਹੋਣ ਦੀ ਗੱਲ ਆਖ ਦਿੱਤੀ। ਸੀਨੀਅਰ ਅਕਾਲੀ ਆਗੂ ਤੇ ਵਕੀਲ ਹਰੀਸ਼ ਰਾਏ ਢਾਂਡਾ ਨੇ ਦੱਸਿਆ ਕਿ ਉਹ ਪੀੜਤਾ ਨਾਲ ਡਿਵੀਜ਼ਨ ਨੰਬਰ 6 ’ਚ ਗਏ ਸਨ। ਥਾਣਾ ਇੰਚਾਰਜ ਪਹਿਲਾਂ ਹੀ ਮੈਡੀਕਲ ਛੁੱਟੀ ’ਤੇ ਚਲੇ ਗਏ ਹਨ, ਕਿਉਂਕਿ ਉਨ੍ਹਾਂ ਨੂੰ ਪਤਾ ਸੀ ਕਿ ਜੇਕਰ ਉਹ ਵਿਧਾਇਕ ’ਤੇ ਕੇਸ ਦਰਜ ਕਰਦੇ ਹਨ ਤਾਂ ਉਨ੍ਹਾਂ ’ਤੇ ਗਾਜ਼ ਡਿੱਗ ਸਕਦੀ ਹੈ। ਐਡੀਸ਼ਨਲ ਇੰਚਾਰਜ ਨੇ ਕਿਹਾ ਕਿ ਇਸ ਸਮੇਂ ਥਾਣੇ ਦਾ ਕੰਪਿਊਟਰ ਸਿਸਟਮ ਨਹੀਂ ਚੱਲ ਰਿਹਾ, ਉਨ੍ਹਾਂ ਨੇ ਲੈਪਟਾਪ ਮੌਕੇ ’ਤੇ ਮੁਹੱਈਆ ਕਰਵਾਉਣ ਦੀ ਗੱਲ ਆਖੀ ਤਾਂ ਪੁਲੀਸ ਅਧਿਕਾਰੀ ਕਿਸੇ ਗੱਲ ’ਤੇ ਨਹੀਂ ਆ ਰਹੇ ਸਨ। ਆਖ਼ਰ ਪੀੜਤਾ ਥਾਣੇ ਦੇ ਅੰਦਰ ਜਾ ਕੇ ਬੈਠ ਗਈ ਤਾਂ ਬਿਜਲੀ ਚਲੀ ਗਈ। ਉਨ੍ਹਾਂ ਪੁਲੀਸ ਨੂੰ ਜੈਨਰੇਟਰ ਮੁਹੱਈਆ ਕਰਵਾਉਣ ਦੀ ਪੇਸ਼ਕਸ਼ ਕੀਤੀ ਸੀ, ਪਰ ਪੁਲੀਸ ਕੁਝ ਵੀ ਕਰਨ ਨੂੰ ਤਿਆਰ ਨਹੀਂ ਹੈ।