ਬੀਐੱਸ ਚਾਨਾ
ਸ੍ਰੀ ਆਨੰਦਪੁਰ ਸਾਹਿਬ, 12 ਅਕਤੂਬਰ
ਚੰਡੀਗੜ੍ਹ-ਮਨਾਲੀ ਨੈਸ਼ਨਲ ਹਾਈਵੇਅ ’ਤੇ ਲੰਘੀ ਰਾਤ ਕੀਰਤਪੁਰ ਸਾਹਿਬ ਤੋਂ ਮਨਾਲੀ ਵੱਲ ਜਾ ਰਹੀ ਇੱਕ ਬੋਲੋਰੋ ਗੱਡੀ (ਐੱਚਆਰ 33 ਐੱਫ 2255) ਗੰਬਰ ਪੁਲ ਨੇੜੇ ਕਾਲੀ ਮਾਤਾ ਮੰਦਿਰ ਕੋਲ ਸੜਕ ਤੋਂ ਕਰੀਬ 300 ਤੋਂ 400 ਫੁੱਟ ਡੂੰਘੀ ਖਾਈ ’ਚ ਡਿੱਗ ਗਈ। ਇਸ ਹਾਦਸੇ ’ਚ ਬੋਲੇਰੋ ’ਚ ਸਵਾਰ 3 ਨੌਜਵਾਨਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਸ ਹਾਦਸੇ ਸਬੰਧੀ ਇਕੱਤਰ ਕੀਤੀ ਜਾਣਕਾਰੀ ਮੁਤਾਬਕ ਇਹ ਬੋਲੇਰੋ ਗੱਡੀ ਪੰਜਾਬ ਤੋਂ ਹਿਮਾਚਲ ਪ੍ਰਦੇਸ਼ ਦੇ ਮਨਾਲੀ ਵੱਲ ਜਾ ਰਹੀ ਸੀ। ਇਸ ’ਚ ਸਵਾਰ 3 ਨੌਜਵਾਨਾਂ ਦੀ ਉਮਰ 25 ਤੋਂ 30 ਸਾਲ ਵਿਚਕਾਰ ਦੱਸੀ ਜਾ ਰਹੀ ਹੈ। ਇਸ ਹਾਦਸੇ ਦੀ ਸੂਚਨਾ ਮਿਲਦੇ ਹੀ ਸਵਾਰਘਾਟ ਦੀ ਪੁਲੀਸ ਮੌਕੇ ’ਤੇ ਪਹੁੰਚ ਗਈ ਅਤੇ ਸਥਾਨਕ ਲੋਕਾਂ ਦੀ ਮਦਦ ਨਾਲ ਨੌਜਵਾਨਾਂ ਦੀਆਂ ਲਾਸ਼ਾਂ ਖੱਡ ’ਚੋਂ ਬਾਹਰ ਕੱਢੀਆਂ। ਇਸ ਹਾਦਸੇ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਥਾਣਾ ਸਦਰ ਦੇ ਇੰਚਾਰਜ ਬਲਬੀਰ ਸਿੰਘ ਨੇ ਦੱਸਿਆ ਕਿ ਗੱਡੀ ’ਚ ਸਵਾਰ ਉਕਤ ਤਿੰਨੋਂ ਨੌਜਵਾਨਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਤੇ ਉਨ੍ਹਾਂ ਦੀ ਪਛਾਣ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੁਲੀਸ ਨੇ ਨੌਜਵਾਨਾਂ ਦੀਆਂ ਲਾਸ਼ਾਂ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।