ਗਗਨਦੀਪ ਅਰੋੜਾ
ਲੁਧਿਆਣਾ, 29 ਜਨਵਰੀ
ਕਿਸਾਨਾਂ ਦੀ ਪਾਰਟੀ ਸੰਯੁਕਤ ਸਮਾਜ ਮੋਰਚਾ ਨੂੰ ਹਰ ਦਿਨ ਨਵੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਸਾਨਾਂ ਨੇ 102 ਉਮੀਦਵਾਰਾਂ ਨੂੰ ਚੋਣ ਮੈਦਾਨ ਵਿੱਚ ਉਤਾਰ ਤਾਂ ਦਿੱਤਾ ਹੈ ਪਰ ਅਜੇ ਤੱਕ ਪਾਰਟੀ ਦੀ ਰਜਿਸਟ੍ਰੇਸ਼ਨ ਨਹੀਂ ਹੋ ਸਕੀ ਜਿਸ ਕਰਕੇ ਕਿਸਾਨਾਂ ਦੇ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਨਹੀਂ ਮਿਲਿਆ।
ਚੋਣਾਂ ਦੀ ਨਾਮਜ਼ਦਗੀ ਲਈ ਸਿਰਫ਼ ਤਿੰਨ ਦਿਨ ਦਾ ਸਮਾਂ ਬਾਕੀ ਹੈ, ਉਸ ’ਚੋਂ ਵੀ ਇੱਕ ਸਰਕਾਰੀ ਛੁੱਟੀ ਹੈ। ਇਸ ਹਿਸਾਬ ਨਾਲ ਹੁਣ ਕਿਸਾਨਾਂ ਕੋਲ ਨਾਮਜ਼ਮਦਗੀਆਂ ਲਈ ਸਿਰਫ਼ 2 ਦਿਨ ਦਾ ਸਮਾਂ ਬਚਿਆ ਹੈ। ਪਾਰਟੀ ਦੀ ਰਜਿਸਟ੍ਰੇਸ਼ਨ ਨਾ ਹੋਣ ਕਾਰਨ ਅਤੇ ਪਾਰਟੀ ਚੋਣ ਨਿਸ਼ਾਨ ਨਾ ਮਿਲਣ ਕਾਰਨ ਚੋਣ ਮੈਦਾਨ ’ਚ ਪ੍ਰਚਾਰ ਲਈ ਜਾ ਰਹੇ ਉਮੀਦਵਾਰਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਦੱਸਣਯੋਗ ਹੈ ਕਿ ਸੰਯੁਕਤ ਸਮਾਜ ਮੋਰਚੇ ਨੇ ਜਦੋਂ ਹੋਣ ’ਚ ਹਿੱਸਾ ਲੈਣ ਦਾ ਮਨ ਬਣਾਇਆ ਸੀ ਤਾਂ ਉਨ੍ਹਾਂ ਚੋਣਾਂ ਲਈ ਇਛੁੱਕ ਲੋਕਾਂ ਤੋਂ ਅਰਜ਼ੀਆਂ ਮੰਗੀਆਂ ਸਨ। ਪੂਰੇ ਪੰਜਾਬ ’ਚੋਂ 2,373 ਲੋਕਾਂ ਨੇ ਅਪਲਾਈ ਕੀਤਾ ਸੀ ਉਨ੍ਹਾਂ ਵਿੱਚੋਂ 102 ਉਮੀਦਵਾਰਾਂ ਦੀ ਚੋਣ ਕੀਤੀ ਗਈ ਸੀ। ਜੇਕਰ ਕਿਸਾਨਾਂ ਦੀ ਪਾਰਟੀ ਦੀ ਰਜਿਸਟ੍ਰੇਸ਼ਨ ਨਹੀਂ ਹੁੰਦੀ ਅਤੇ ਉਨ੍ਹਾਂ ਨੂੰ ਚੋਣ ਚਿੰਨ੍ਹ ਨਹੀਂ ਮਿਲਦਾ ਤਾਂ ਕਿਸਾਨਾਂ ਦੇ ਉਮੀਦਵਾਰਾਂ ਨੂੰ ਆਜ਼ਾਦ ਚੋਣ ਲੜਨ ਲਈ ਮੈਦਾਨ ’ਚ ਉਤਰਨਾ ਪਵੇਗਾ। ਇਸ ਸਬੰਧੀ ਬਲਵੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਕਿਸਾਨਾਂ ਨੂੰ ਚੋਣਾਂ ’ਚ ਆਉਣ ਤੋਂ ਰੋਕਣ ਲਈ ਕਈ ਤਾਕਤਾਂ ਦਾ ਜ਼ੋਰ ਲੱਗਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਕੁਝ ਪਾਰਟੀਆਂ ਨੂੰ ਆਪਣੀ ਸੱਤਾ ਜਾਂਦੀ ਦਿਖ ਰਹੀ ਹੈ, ਇਸ ਲਈ ਉਹ ਸਮੱਸਿਆ ਖੜ੍ਹੀ ਕਰ ਰਹੇ ਹਨ। ਚੋਣ ਚਿੰਨ੍ਹ ਤਾਂ ਕਮਿਸ਼ਨ ਨੂੰ ਦੇਣਾ ਹੀ ਪਵੇਗਾ।
ਚੋਣ ਚਿੰਨ੍ਹ ਨਾ ਮਿਲਿਆ ਤਾਂ ਭਰਾਂਗੇ ਆਜ਼ਾਦ ਉਮੀਦਵਾਰ ਵਜੋਂ ਫਾਰਮ: ਖਾਰਾ
ਸਨਅਤੀ ਸ਼ਹਿਰ ਦੇ ਹਲਕਾ ਉਤਰੀ ਤੋਂ ਸੰਯੁਕਤ ਸਮਾਜ ਮੋਰਚੇ ਦੇ ਉਮੀਦਵਾਰ ਵਕੀਲ ਵਰਿੰਦਰ ਖਾਰਾ ਨੇ ਦੱਸਿਆ ਕਿ ਚਿੰਨ੍ਹ ਨਾ ਹੋਣ ਕਾਰਨ ਹਾਲੇ ਪੂਰੀ ਤਰ੍ਹਾਂ ਚੋਣ ਪ੍ਰਚਾਰ ਵੀ ਨਹੀਂ ਹੋ ਰਿਹਾ। ਸੀਨੀਅਰ ਆਗੂਆਂ ਨੇ ਸੋਮਵਾਰ ਤੱਕ ਦਾ ਸਮਾਂ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸੋਮਵਾਰ ਨੂੰ ਚੋਣ ਚਿੰਨ੍ਹ ਨਾ ਮਿਲਿਆ ਤਾਂ ਆਜ਼ਾਦ ਉਮੀਦਵਾਰ ਦੇ ਤੌਰ ’ਤੇ ਫਾਰਮ ਭਰ ਮੈਦਾਨ ’ਚ ਉਤਰਾਂਗੇ।