ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 12 ਦਸੰਬਰ
ਪੇਂਡੂ ਤੇ ਖੇਤ ਮਜ਼ਦੂਰ ਧਿਰਾਂ ਦੇ ਸਾਂਝੇ ਮੋਰਚੇ ਦੇ ਸੱਦੇ ’ਤੇ ਅੱਜ ਹਜ਼ਾਰਾਂ ਮਜ਼ਦੂਰਾਂ ਨੇ ਪੰਜਾਬ ਭਰ ਵਿਚ ਕਰੀਬ ਇੱਕ ਦਰਜਨ ਥਾਵਾਂ ’ਤੇ ਰੇਲਾਂ ਰੋਕੀਆਂ। ਇਸ ਨਾਲ ਕਰੀਬ ਚਾਰ ਘੰਟੇ ਰੇਲ ਆਵਾਜਾਈ ਪ੍ਰਭਾਵਿਤ ਰਹੀ| ਮਜ਼ਦੂਰਾਂ ਦਾ ਇਹ ਰੋਸ ਪ੍ਰੋਗਰਾਮ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਖ਼ਿਲਾਫ਼ ਸੀ ਜਿਨ੍ਹਾਂ ਵੱਲੋਂ ਮਜ਼ਦੂਰਾਂ ਦੇ ਮਸਲੇ ਹੱਲ ਕਰਨ ਵਿੱਚ ਕੋਈ ਦਿਲਚਸਪੀ ਨਹੀਂ ਦਿਖਾਈ ਗਈ| ਅੱਜ ਮਜ਼ਦੂਰਾਂ ਨੇ 12 ਵਜੇ ਤੋਂ ਚਾਰ ਵਜੇ ਤੱਕ ਰੇਲ ਲਾਈਨਾਂ ਰੋਕੀਆਂ ਅਤੇ ਪੰਜਾਬ ਸਰਕਾਰ ਖ਼ਿਲਾਫ਼ ਮੁਰਦਾਬਾਦ ਦੇ ਨਾਅਰੇ ਵੀ ਲਗਾਏ| ਵੇਰਵਿਆਂ ਅਨੁਸਾਰ ਮਜ਼ਦੂਰਾਂ ਨੇ ਅੰਮ੍ਰਿਤਸਰ ਜ਼ਿਲ੍ਹੇ ’ਚ ਮਾਨਾਂਵਾਲਾ, ਕਪੂਰਥਲਾ ’ਚ ਢਿੱਲਵਾਂ, ਫਿਲੌਰ, ਬਠਿੰਡਾ ‘ਚ ਜੇਠੂਕੇ, ਸੰਗਤ ਤੇ ਰਾਮਪੁਰਾ, ਮਾਨਸਾ, ਸੁਨਾਮ, ਗਿੱਦੜਬਾਹਾ, ਮੋਗਾ ’ਚ ਅਜੀਤਵਾਲ ਤੇ ਫ਼ਰੀਦਕੋਟ ’ਚ ਜੈਤੋ ਵਿਖੇ ਰੇਲ ਮਾਰਗ ਜਾਮ ਕੀਤੇ| ਮੁੱਖ ਮੰਗਾਂ ਵਿੱਚ ਬੇਘਰਿਆਂ ਤੇ ਲੋੜਵੰਦਾਂ ਨੂੰ ਪਲਾਟ ਦੇਣ, ਬਿਜਲੀ ਦੇ ਪੁੱਟੇ ਮੀਟਰ ਬਿਨਾਂ ਸ਼ਰਤ ਜੋੜਨ, ਦਲਿਤਾਂ ਤੇ ਜਬਰ ਦੇ ਮੁਲਜ਼ਮਾਂ ਨੂੰ ਸਜ਼ਾਵਾਂ ਦੇਣ ਲਈ ‘ਸਿਟ’ ਦਾ ਗਠਨ ਕਰਨ, ਸਹਿਕਾਰੀ ਸਭਾਵਾਂ ’ਚ ਮਜ਼ਦੂਰਾਂ ਨੂੰ 25 ਫ਼ੀਸਦੀ ਰਾਖਵਾਂਕਰਨ ਕਰਕੇ 50 ਹਜ਼ਾਰ ਤੱਕ ਦੀ ਕਰਜ਼ਾ ਰਾਸ਼ੀ ਕਰਨ ਦੇ ਮਾਮਲੇ ਸ਼ਾਮਲ ਹਨ| ਸਾਂਝੇ ਮਜ਼ਦੂਰ ਮੋਰਚੇ ਦੇ ਆਗੂ ਤਰਸੇਮ ਪੀਟਰ, ਦੇਵੀ ਕੁਮਾਰੀ, ਜ਼ੋਰਾ ਸਿੰਘ ਨਸਰਾਲੀ, ਸੰਜੀਵ ਮਿੰਟੂ, ਭਗਵੰਤ ਸਿੰਘ ਸਮਾਓਂ, ਦਰਸ਼ਨ ਨਾਹਰ ਅਤੇ ਕੁਲਵੰਤ ਸਿੰਘ ਸੇਲਬਰਾਹ ਨੇ ਅੱਜ ਚੰਨੀ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇ ਪੰਜਾਬ ਸਰਕਾਰ ਨੇ ਮੰਨੀਆਂ ਮੰਗਾਂ ਨੂੰ ਅਮਲੀ ਰੂਪ ਨਾ ਦਿੱਤਾ ਅਤੇ ਭਖਦੀਆਂ ਮਜ਼ਦੂਰ ਮੰਗਾਂ ਦਾ ਹੱਲ ਨਾ ਕੀਤਾ ਤਾਂ ਉਹ ਮਜ਼ਦੂਰਾਂ ਦੇ ਅਗਲੇ ਸੰਘਰਸ਼ ਦਾ ਸਾਹਮਣਾ ਕਰਨ ਲਈ ਤਿਆਰ ਰਹੇ| ਇਸ ਬਾਰੇ ਮੋਰਚੇ ਨੇ 15 ਦਸੰਬਰ ਨੂੰ ਸੂਬਾਈ ਮੀਟਿੰਗ ਸੱਦ ਲਈ ਹੈ ਜਿਸ ’ਚ ਅਗਲੀ ਰਣਨੀਤੀ ਬਣਾਈ ਜਾਵੇਗੀ| ਬੁਲਾਰਿਆਂ ਨੇ ਮੁੱਖ ਮੰਤਰੀ ਦੀ ਮਾਨਸਾ ਫੇਰੀ ਸਮੇਂ ਬੇਰੁਜ਼ਗਾਰ ਅਧਿਆਪਕਾਂ ‘ਤੇ ਇੱਕ ਡੀਐੱਸਪੀ ਵੱਲੋਂ ਅੰਨ੍ਹੇ ਤਸ਼ੱਦਦ ਕੀਤੇ ਜਾਣ ਦੀ ਨਿੰਦਾ ਕਰਦਿਆਂ ਅਧਿਕਾਰੀ ਨੂੰ ਮੁਅੱਤਲ ਕਰ ਕੇ ਫ਼ੌਜਦਾਰੀ ਮੁਕੱਦਮਾ ਦਰਜ ਕੀਤੇ ਜਾਣ ਦੀ ਮੰਗ ਵੀ ਰੱਖੀ|