ਜੋਗਿੰਦਰ ਸਿੰਘ ਮਾਨ
ਮਾਨਸਾ, 5 ਜੁਲਾਈ
ਮਾਨਸਾ ਨੇੜਲੇ ਪਿੰਡ ਬਣਾਂਵਾਲਾ ਵਿੱਚ ਨਿੱਜੀ ਭਾਈਵਾਲੀ ਤਹਿਤ ਲੱਗੇ ਉੱਤਰੀ ਭਾਰਤ ਦੇ ਸਭ ਤੋਂ ਵੱਡੇ ਤਾਪਘਰ ਤਲਵੰਡੀ ਸਾਬੋ ਪਾਵਰ ਲਿਮਿਟਡ (ਟੀਐੱਸਪੀਐੱਲ) ਦਾ ਬੰਦ ਹੋਇਆ ਯੂਨਿਟ ਅੱਜ ਦੂਸਰੇ ਦਿਨ ਵੀ ਚਾਲੂ ਨਹੀਂ ਹੋ ਸਕਿਆ। ਇਸ ਯੂਨਿਟ ਦੇ ਬੰਦ ਹੋਣ ਨਾਲ ਪੰਜਾਬ ਵਿਚ ਬਿਜਲੀ ਦਾ ਸੰਕਟ ਜਿਉਂ ਦਾ ਤਿਉਂ ਬਰਕਰਾਰ ਹੈ। ਤਾਪ ਘਰ ਦੇ ਪ੍ਰਬੰਧਕਾਂ ਨੇ ਕਿਹਾ ਕਿ ਇਹ ਭਲਕ ਤੱਕ ਠੀਕ ਹੋ ਜਾਵੇਗਾ। ਜ਼ਿਕਰਯੋਗ ਹੈ ਕਿ ਬਣਾਂਵਾਲਾ ਤਾਪ ਘਰ ਦੇ ਯੂਨਿਟ ਨੰਬਰ-1 ਵਿਚ ਤਿੰਨ ਜੁਲਾਈ ਦੀ ਰਾਤ ਨੂੰ ਕੋਈ ਨੁਕਸ ਪੈਣ ਕਾਰਨ ਇੱਥੋਂ ਬਿਜਲੀ ਸਪਲਾਈ ਬੰਦ ਹੋ ਗਈ ਸੀ। ਜਾਣਕਾਰੀ ਮੁਤਾਬਕ ਅੱਜ ਤਾਪ ਘਰ ਦਾ ਯੂਨਿਟ-1 ਠੀਕ ਕਰਨ ਲਈ ਸਾਰਾ ਦਿਨ ਮਾਹਿਰ ਲੱਗੇ ਰਹੇ। ਬਣਾਂਵਾਲਾ ਤਾਪ ਘਰ ਦੇ ਬੁਲਾਰੇ ਨੇ ਦੱਸਿਆ ਕਿ ਯੂਨਿਟ ਨੰਬਰ-1 ਛੇਤੀ ਹੀ ਠੀਕ ਹੋ ਜਾਵੇਗਾ ਅਤੇ ਭਲਕ ਸਵੇਰ ਤੋਂ ਉੱਤਰੀ ਗਰਿੱਡ ਨੂੰ ਬਿਜਲੀ ਸਪਲਾਈ ਮੁੜ ਸ਼ੁਰੂ ਹੋ ਸਕਦੀ ਹੈ। ਇਸ ਤੋਂ ਇਲਾਵਾ ਗੁਜਰਾਤ ਵਿੱਚ ਮੁਰੰਮਤ ਲਈ ਭੇਜਿਆ ਗਿਆ ਯੂਨਿਟ ਨੰਬਰ-3 ਵੀ ਛੇਤੀ ਠੀਕ ਹੋ ਕੇ ਆਉਣ ਦੀ ਆਸ ਹੈ।