ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 26 ਅਪਰੈਲ
ਮਨਿਸਟਰੀ ਆਫ ਐਜੂਕੇਸ਼ਨ (ਐੱਮਓਈ) ਨੇ ਦੇਸ਼ ਭਰ ਦੇ ਸਕੂਲਾਂ ਨੂੰ ਯੂ-ਡਾਈਸ ਪਲੱਸ ਦਾ ਵੇਰਵਾ ਤੁਰੰਤ ਅੱਪਲੋਡ ਕਰਨ ਦੀ ਹਦਾਇਤ ਕੀਤੀ ਹੈ। ਇਸ ਦੇ ਨਾਲ ਹੀ ਸੀਬੀਐੱਸਈ ਨੇ ਸਕੂਲਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਜੇ 30 ਅਪਰੈਲ ਤਕ ਵੇਰਵੇ ਅੱਪਲੋਡ ਨਹੀਂ ਕੀਤੇ ਗਏ ਤਾਂ ਮਾਨਤਾ ਸ਼ਰਤਾਂ ਤਹਿਤ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਪ੍ਰਾਜੈਕਟ ਨਾਲ ਕੋਈ ਵੀ ਅਧਿਕਾਰੀ ਦੇਸ਼ ਭਰ ਦੇ ਸਕੂਲਾਂ ਦੇ ਅਧਿਆਪਕਾਂ, ਵਿਦਿਆਰਥੀਆਂ ਤੇ ਆਧਾਰੀ ਢਾਂਚੇ ਦੀ ਜਾਣਕਾਰੀ ਇੱਕ ਕਲਿੱਕ ਨਾਲ ਹਾਸਲ ਕਰ ਸਕੇਗਾ। ਇਹ ਪ੍ਰਾਜੈਕਟ ਯੂ-ਡਾਈਸ ਵੱਲੋਂ ਨਿਊਪਾ ਦੇ ਸਹਿਯੋਗ ਨਾਲ ਨੇਪਰੇ ਚੜ੍ਹਾਇਆ ਜਾਵੇਗਾ। ਇਸ ਪ੍ਰਾਜੈਕਟ ਰਾਹੀਂ ਸਕੂਲਾਂ ਤੇ ਉਨ੍ਹਾਂ ਦੇ ਅਧਿਆਪਕਾਂ ਨੂੰ ਕੋਡ ਦਿੱਤਾ ਜਾਵੇਗਾ। ਇਸ ਕੋਡ ਨੂੰ ਸਕੂਲ ਆਪਣੇ ਪੱਧਰ ’ਤੇ ਭਰਨਗੇ ਤੇ ਅਧਿਕਾਰੀ ਇਸ ਕੋਡ ਰਾਹੀਂ ਸਕੂਲ ਦੇ ਅਧਿਆਪਕਾਂ ਦੀ ਸਾਰੀ ਜਾਣਕਾਰੀ ਦੇਖ ਸਕਣਗੇ। ਇਸ ਤੋਂ ਬਾਅਦ ਸਕੂਲ ਕਿਸੇ ਵੀ ਅਧਿਆਪਕ ਦੇ ਸਕੂਲ ਛੱਡਣ ਤੇ ਨਿਯੁਕਤੀ ਦਾ ਵੇਰਵਾ ਆਨਲਾਈਨ ਅੱਪਲੋਡ ਕਰਨਗੇ। ਯੂ ਡਾਈਸ ਦੇ ਇਸ ਪ੍ਰਾਜੈਕਟ ਦੇ ਅਮਲ ਵਿੱਚ ਆ ਜਾਣ ’ਤੇ ਸਕੂਲਾਂ ਨੂੰ ਹਰ ਤਿਮਾਹੀ ਸਾਰਾ ਰਿਕਾਰਡ ਅੱਪਡੇਟ ਕਰਨਾ ਪਵੇਗਾ।
ਯੋਗਤਾ ਅਨੁਸਾਰ ਅਧਿਆਪਕ ਨੂੰ ਦਿੱਤੀ ਜਾਵੇਗੀ ਜ਼ਿੰਮੇਵਾਰੀ
ਇਸ ਪ੍ਰਾਜੈਕਟ ਨਾਲ ਇਹ ਵੀ ਪਤਾ ਲੱਗੇਗਾ ਕਿ ਪ੍ਰਾਈਵੇਟ ਸਕੂਲਾਂ ਦੇ ਅਧਿਆਪਕਾਂ ਦੀ ਵਿੱਦਿਅਕ ਯੋਗਤਾ ਕੀ ਹੈ ਤੇ ਉਹ ਕਿਹੜੇ ਵਿਸ਼ਿਆਂ ਨੂੰ ਪੜ੍ਹਾ ਰਹੇ ਹਨ। ਇਸ ਤੋਂ ਇਲਾਵਾ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਦਾ ਵੇਰਵਾ ਵੀ ਆਨਲਾਈਨ ਹੋਵੇਗਾ ਤੇ ਕਿਸੇ ਵਿਸ਼ੇ ਦੇ ਅਧਿਆਪਕਾਂ ਦੀ ਅਣਹੋਂਦ ਵਿੱਚ ਆਨਲਾਈਨ ਰਿਕਾਰਡ ਰਾਹੀਂ ਇਹ ਵੀ ਪਤਾ ਲੱਗ ਜਾਵੇਗਾ ਕਿ ਉਸ ਵਿਸ਼ੇ ਦੀ ਯੋਗਤਾ ਵਾਲਾ ਕੀ ਉਸ ਸਕੂਲ ਵਿੱਚ ਕੋਈ ਹੋਰ ਵੀ ਅਧਿਆਪਕ ਹੈ, ਜਿਸ ਕਰਕੇ ਉਸ ਵਿਸ਼ੇ ਦੀ ਪੱਕੀ ਨਿਯੁਕਤੀ ਤਕ ਉਸ ਵਿਸ਼ੇ ਦੀ ਯੋਗਤਾ ਵਾਲੇ ਅਧਿਆਪਕ ਨੂੰ ਜ਼ਿੰਮੇਵਾਰੀ ਸੌਂਪੀ ਜਾਵੇਗੀ।